ਫ਼ਰੀਦਕੋਟ 30 ਸਤੰਬਰ : ਜਿਲੇ ਦੇ ਪਿੰਡ ਸੰਧਵਾਂ ਦੇ ਅਗਾਂਹ ਵਧੂ ਕਿਸਾਨ ਸ਼੍ਰੀ ਹਰਜਿੰਦਰ ਸਿੰਘ ਸਪੁੱਤਰ ਬਹਾਦਰ ਸਿੰਘ ਨੇ ਪਿਛਲੇ 10 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਦੂਸਰੇ ਕਿਸਾਨਾਂ ਨੂੰ ਮਿਸਾਲ ਬਣ ਕੇ ਸੁਚੱਜੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰ ਰਿਹਾ ਹੈ ਅਤੇ ਸਫਲ ਕਿਸਾਨ ਵੱਜੋ ਉਭਰ ਰਿਹਾ ਹੈ। ਕਿਸਾਨ ਹਰਜਿੰਦਰ ਸਿੰਘ ਪਿਛਲੇ 10 ਸਾਲਾਂ ਤੋਂ ਆਪਣੇ 7 ਏਕੜ ਅਤੇ 4 ਏਕੜ ਜ਼ਮੀਨ ਠੇਕੇ ਉਪਰ ਲੈ ਕੇ ਕਣਕ-ਝੋਨੇ ਦੇ ਨਾੜ ਨੂੰ ਬਿਨਾਂ ਅੱਗ ਲਗਾਏ ਆਪਣੇ ਖੇਤ ਵਿੱਚ ਵਧੇਰੇ ਮੁਨਾਫਾ ਲੈ ਕੇ ਖੇਤੀ ਕਰ ਰਿਹਾ ਹੈ। ਕਿਸਾਨ ਝੋਨੇ ਦੀ ਪਰਾਲੀ ਦੀਆਂ ਬੇਲਰ ਨਾਲ ਗੱਠਾਂ ਬੰਨ ਕੇ ਅਤੇ ਕਣਕ ਦੀ ਪਰਾਲੀ ਨੂੰ ਖੇਤ ਵਿੱਚ ਗਾਲ ਕੇ ਖੇਤੀ ਕਰ ਰਿਹਾ ਹੈ। ਜੇਕਰ ਫਸਲੀ ਵਿਭਿੰਨਤਾ ਦੀ ਗੱਲ ਕਰੀਏ ਤਾਂ ਹਰਜਿੰਦਰ ਸਿੰਘ ਆਪਣੇ ਖੇਤ ਵਿੱਚ ਪਿਛਲੇ 3 ਸਾਲਾਂ ਤੋਂ 2 ਏਕੜ ਵਿੱਚ ਨਰਮੇ ਦੀ ਖੇਤੀ ਕਰਕੇ ਪੰਜਾਬ ਸਰਕਾਰ ਦੁਆਰਾ ਚਲਾਈ ਮੁਹਿੰਮ ਪਾਣੀ ਬਚਾਓ ਵਿੱਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨ ਆਪਣੇ ਖੇਤ ਵਿੱਚ ਫਰਵਰੀ ਮਹੀਨੇ ਦੌਰਾਨ ਲੱਡੂ ਗੇਂਦੇ ਦੇ ਫੁੱਲਾਂ ਦੀ ਖੇਤੀ ਅਤੇ ਦਸਬੰਰ ਮਹੀਨੇ ਦੌਰਾਨ ਜਾਫਰੀ ਦੇ ਫੁੱਲਾਂ ਦੀ ਖੇਤੀ ਤਕਰੀਬਨ 6-7 ਕਨਾਲਾਂ ਵਿੱਚ ਆਪਣੇ ਹੱਥੀ ਕਰਕੇ ਵਧੇਰੇ ਮੁਨਾਫਾ ਲੈ ਰਿਹਾ ਹੈ। ਇਨ੍ਹਾਂ ਫੁੱਲਾਂ ਨੂੰ ਕਿਸਾਨ ਵੀਰ ਹਰ ਰੋਜ਼ ਸ਼ਾਮ ਨੂੰ ਤੁੜਾਈ ਕਰਕੇ ਆਪਣੀ ਨੇੜਲੀ ਮੰਡੀ ਕੋਟਕਪੂਰਾ ਵਿੱਚ ਵੇਚ ਕੇ ਚੰਗੀ ਇਨਕਮ ਕਰ ਰਿਹਾ ਹੈ। ਹਰਜਿੰਦਰ ਸਿੰਘ ਨੇ ਪਿਛਲੇ 2 ਸਾਲਾਂ ਦੌਰਾਨ ਆਪਣੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਘੱਟ ਲਾਗਤ ਅਤੇ ਘੱਟ ਪਾਣੀ ਦੀ ਵਰਤੋਂ ਨਾਲ ਖੇਤੀ ਕੀਤੀ ਹੈ। ਕਿਸਾਨ ਹਰਜਿੰਦਰ ਸਿੰਘ ਨੇ ਪਿਛਲੇ ਸਾਲਾਂ ਦੌਰਾਨ ਨਰਮੇ ਅਤੇ ਕਣਕ ਦੇ ਪ੍ਰਦਰਸ਼ਨੀ ਪਲਾਂਟ ਵੀ ਖੇਤ ਵਿੱਚ ਬੀਜੇ ਸਨ ਅਤੇ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਖੇਤੀ ਕਰਕੇ ਵੱਧ ਤੋਂ ਵੱਧ ਮੁਨਾਫਾ ਪਾਇਆ। ਕਿਸਾਨ ਇਸ ਤੋਂ ਇਲਾਵਾ ਜੇਕਰ ਖਾਦ ਦੀ ਗੱਲ ਕਰੀਹੇ ਤਾਂ ਪਿਛਲੇ 2 ਸਾਲਾਂ ਦੌਰਾਨ ਉਸਨੇ ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਵਰਤੋਂ ਵੀ ਘਟਾਈ ਹੈ ਅਤੇ ਆਪਣੀ ਜ਼ਮੀਨ ਦੀ ਉਪਜਾਉ ਸ਼ਕਤੀ ਨੂੰ ਕਾਇਮ ਰੱਖਿਆ ਹੈ।
ਬਲਾਕ ਖੇਤੀਬਾੜੀ ਅਫਸਰ ਡਾ.ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਹਰਜਿੰਦਰ ਸਿੰਘ ਨੂੰ ਵੱਖ-ਵੱਖ ਕਿਸਾਨ ਮੇਲਿਆਂ ਦੌਰਾਨ ਸਨਮਾਨਿਤ ਵੀ ਕੀਤਾ ਗਿਆ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ.ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਹਰਜਿੰਦਰ ਸਿੰਘ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿਦ ਖੂੰਦ ਨੂੰ ਅੱਗ ਨਾ ਲਗਾਉਣ ਤਾਂ ਜ਼ੋ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ।