ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਐਵਰੈਸਟਰ ਮਲਕੀਅਤ ਸਿੰਘ ਨਾਲ ਰੂਬਰੂ ਅਤੇ ਗਿਅਰ ਕਿੱਟ ਦੀ ਪ੍ਰਦਰਸ਼ਨੀ

ਸ੍ਰੀ ਫ਼ਤਹਿਗੜ੍ਹ ਸਾਹਿਬ, 10 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਭਾਰਤੀ ਗਿਆਨ ਪ੍ਰਬੰਧ ਸੈਲ ਵੱਲੋਂ ਪਹਿਲੇ ਗੁਰਸਿੱਖ ਐਵਰੈਸਟ ਮਲਕੀਅਤ ਸਿੰਘ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਵਾਉਣ ਲਈ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਇਸ ਸਮਾਗਮ ਬਾਰੇ ਵਧੀਕ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਖੋਜੀ ਅਤੇ ਉਤਸ਼ਾਹੀ ਕਾਰਜਾਂ ਪ੍ਰਤੀ ਜਾਗਰੂਕ ਕਰਨ ਲਈ ਸਰਦਾਰ ਮਲਕੀਅਤ ਸਿੰਘ ਨਾਲ ਰੂਬਰੂ ਸਮਾਗਮ ਰੱਖਿਆ ਗਿਆ ਜਿਸ ਦੌਰਾਨ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਪਹਿਲੇ ਗੁਰਸਿੱਖ ਐਵਰੇਸਟਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਆਖਿਆ ਕਿ ਨੌਜਵਾਨਾਂ ਵਿੱਚ ਪਸਰ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਉਹਨਾਂ ਨੂੰ ਜੀਵਨ ਪ੍ਰਤੀ ਸਹੀ ਸੇਧ ਦੇਣ ਲਈ ਅਜਿਹੀਆਂ ਵੱਡੀਆਂ ਸ਼ਖਸੀਅਤਾਂ ਦੇ ਰੂਬਰੂ ਕਰਵਾਉਣਾ ਬੇਹਦ ਜਰੂਰੀ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਐਵਰੈਸਟ ਮਲਕੀਅਤ ਸਿੰਘ ਨੂੰ ਮਿਲਣ ਅਤੇ ਐਵਰੈਸਟ ਕਲਾਈਮਿੰਗ ਗਿਅਰ ਕਿੱਟ ਨੂੰ ਵੇਖਣ ਤੇ ਸਮਝਣ ਵਿਚ ਵੱਡੀ ਰੁਚੀ ਵਿਖਾਈ ਹੈ। ਇਸ ਮੌਕੇ ਮਲਕੀਅਤ ਸਿੰਘ ਨੇ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲ ਕੇ ਆਪਣਾ ਵਿਦਿਆਰਥੀ ਜੀਵਨ ਯਾਦ ਆਇਆ ਹੈ। ਉਹਨਾਂ ਆਖਿਆ ਕਿ ਵਿਦਿਆਰਥੀਆਂ ਵਿੱਚ ਵੱਡਾ ਉਤਸਾਹ ਅਤੇ ਸੰਭਾਵਨਾਵਾਂ ਹਨ ਜਿਸ ਲਈ ਉਹਨਾਂ ਨੂੰ ਠੀਕ ਪਾਸੇ ਦਿਸ਼ਾ ਦੇਣ ਦੀ ਲੋੜ ਹੈ। ਇਸ ਮੌਕੇ ਭਾਰਤੀ ਗਿਆਨ ਪ੍ਰਬੰਧ ਸੈਲ  ਦੇ ਕਨਵੀਨਰ ਡਾ ਹਰਦੇਵ ਸਿੰਘ ਨੇ ਦੱਸਿਆ ਕਿ ਮਲਕੀਅਤ ਸਿੰਘ ਵੱਲੋਂ ਵਰਤੀ ਗਈ ਗਿਅਰ ਕਿੱਟ ਨੂੰ ਯੂਨੀਵਰਸਿਟੀ ਵਿਖੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਨ ਵਿਦਿਆਰਥੀ ਭਲਾਈ ਡਾ ਸਿਕੰਦਰ ਸਿੰਘ, ਕੁਆਰਡੀਨੇਟਰ ਆਈਕਿਉਏਸੀ ਡਾ ਅੰਕਦੀਪ ਕੌਰ ਅਟਵਾਲ, ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ ਨਵ ਸ਼ਗਨ ਦੀਪ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।