
ਸ੍ਰੀ ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਸੈਨਿਕ ਬੋਰਡ ਡਾ. ਸੋਨਾ ਥਿੰਦ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸੈਨਿਕ ਬੋਰਡ ਦੀ ਤਿਮਾਹੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜਿਥੇ ਬੋਰਡ ਵੱਲੋਂ ਕੀਤੇ ਕੰਮਾਂ ਅਤੇ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਝੰਡਾ ਦਿਵਸ ਫੰਡ ਵਿੱਚੋਂ 07 ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਵੀ ਵੰਡੇ। ਉਨ੍ਹਾਂ ਇਸ ਮੌਕੇ ਸਾਬਕਾ ਸੈਨਿਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਬਕਾ ਸੈਨਿਕ ਤੇ ਉਨ੍ਹਾਂ ਦੇ ਪਰਿਵਾਰ ਸਾਡੇ ਸਾਰਿਆਂ ਲਈ ਗੌਰਵ ਦਾ ਪ੍ਰਤੀਕ ਹਨ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਨੇ ਦੇਸ਼ ਦੀ ਰੱਖਿਆ ਲਈ ਅਹਿਮ ਕੁਰਬਾਨੀਆਂ ਦਿੱਤੀਆਂ ਹਨ ਅਤੇ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਸਾਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਡਾ: ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹਾ ਸੈਨਿਕ ਬੋਰਡ ਵੱਲੋਂ ਗੈਲੰਟਰੀ ਅਵਾਰਡ ਵਿਜੇਤਾ 23 ਸਾਬਕਾ ਸੈਨਿਕਾਂ ਨੂੰ 27 ਲੱਖ, 78 ਹਜ਼ਾਰ 500 ਰੁਪਏ ਦਾ ਲਾਭ ਦਿੱਤਾ ਗਿਆ ਹੈ ਜਦੋਂ ਕਿ ਐਕਸਗ੍ਰੇਸ਼ੀਆ ਗ੍ਰਾਂਟ ਵਜੋਂ 01 ਲਾਭਪਾਤਰੀ ਨੂੰ 95 ਲੱਖ ਰੁਪਏ ਦਿੱਤੇ ਗਏ ਹਨ। ਬੁਢਾਪਾ ਪੈਨਸ਼ਨ ਵਜੋਂ 09 ਲਾਭਪਾਤਰੀਆਂ ਨੂੰ 13 ਲੱਖ 78 ਹਜ਼ਾਰ 400 ਰੁਪਏ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦਿਵਿਆਂਗ ਸਾਬਕਾ ਸੈਨਿਕਾਂ ਨੂੰ 40 ਫੀਸਦੀ ਅਪੰਗਤਾ ਹੋਣ ਤੇ 800/-ਰੁਪਏ ਪ੍ਰਤੀ ਮਹੀਨਾ, 51 ਫੀਸਦੀ ਅਪੰਗਤਾ ਹੋਣ ਤੇ 12,00/-ਰੁਪਏ ਪ੍ਰਤੀ ਮਹੀਨਾ ਤੇ 76-100 ਫੀਸਦੀ ਅਪ਼ੰਗਤਾ ਹੋਣ ਤੇ 16,00/-ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਸਕੀਮ ਅਧੀਨ ਜ਼ਿਲ੍ਹੇ ਦੇ 14 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸੈਨਿਕ ਬੋਰਡ ਵੱਲੋਂ ਸਾਬਕਾ ਸੈਨਿਕਾਂ (ਈ.ਐਸ.ਐਮਜ਼-01) ਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਹਰੇਕ ਮਹੀਨੇ ਦਿੱਤੀ ਜਾਣ ਵਾਲੀ ਪੈਨਸ਼ਨ ਸਕੀਮ ਅਧੀਨ 02 ਲਾਭਪਾਤਰੀਆਂ ਨੂੰ 27,000/-ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਝੰਡਾ ਦਿਵਸ ਫੰਡ ਵਿੱਚੋਂ 05 ਲੱਖ 74 ਹਜ਼ਾਰ 420 ਰੁਪਏ ਦੀ ਮਾਲੀ ਸਹਾਇਤਾ ਵੀ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਸੇਵਾ ਮੁਕਤ ਕਮਾਂਡਰ ਬਲਜਿੰਦਰ ਵਿਰਕ, ਕੈਪਟਨ ਜਸਵੰਤ ਸਿੰਘ ਬਾਜਵਾ, ਸ਼ੌਰਿਆ ਚੱਕਰ ਵਿਜੇਤਾ ਕੈਪਟਨ ਸ਼ੇਰ ਸਿੰਘ, ਸੂਬੇਦਾਰ ਗੁਰਦੀਪ ਸਿੰਘ, ਸੂਬੇਦਾਰ ਸੁਖਬੀਰ ਸਿੰਘ ਰਾਠੋਰ, ਸੂਬੇਦਾਰ ਜਰਨੈਲ ਸਿੰਘ ਤੋਂ ਇਲਾਵਾ ਜ਼ਿਲ੍ਹਾ ਸੈਨਿਕ ਬੋਰਡ ਦੇ ਹੋਰ ਮੈਂਬਰ ਵੀ ਹਾਜਰ ਸਨ।