- ਬਾਬਾ ਸ਼ੇਖ ਫਰੀਦ ਆਗਮਨ ਪੁਰਬ-2024
ਫ਼ਰੀਦਕੋਟ 21 ਸਤੰਬਰ,2024 : ਬਾਬਾ ਫ਼ਰੀਦ ਆਗਮਨ ਪੁਰਬ ਦੇ ਸਬੰਧ ਵਿਚ ਬੀਤੀ ਸ਼ਾਮ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਡਰਾਮਾ ਫੈਸਟੀਵਲ ਕਰਵਾਇਆ ਗਿਆ । ਇਸ ਨਾਟਕ ਮੇਲੇ ਨੂੰ ਮਾਣਨ ਲਈ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਉਨ੍ਹਾਂ ਦੀ ਧਰਮਪਤਨੀ ਬੀਬਾ ਬੇਅੰਤ ਕੌਰ ਸੇਖੋਂ, ਐਸ਼.ਡੀ.ਐਮ-ਕਮ-ਚੇਅਰਮੈਨ ਸਾਹਿਤਕ ਮੇਲਾ ਕਮੇਟੀ ਮੈਡਮ ਵੀਰਪਾਲ ਕੌਰ, ਗੁਰਤੇਜ ਸਿੰਘ ਖੋਸਾ ਚੇਅਰਮੈਨ ਨਗਰ ਸੁਧਾਰ ਟਰੱਸਟ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਵਿਸ਼ੇਸ਼ ਤੌਰ ਤੇ ਹਾਜਰ ਸਨ। ਡਰਾਮਾ ਫੈਸਟੀਵਲ ਦੀ ਸ਼ੁਰੂਆਤ ਵਿਚ ਪਹਿਲਾ ਨਾਟਕ ਬਲਵਿੰਦਰ ਬੁਲਟ ਦੀ ਟੀਮ ਵੱਲੋਂ ‘ਮਿਰਜਾ’ ਨਾਟਕ ਖੇਡਿਆ ਗਿਆ । ਇਸ ਨਾਟਕ ਦੇ ਰਾਹੀਂ ਉਨ੍ਹਾਂ ਨੇ ਸਾਂਝੀ ਖੇਤੀ ਕਰਨ, ਕਰਜਾ ਨਾ ਲੈਣ, ਕੀੜੇ ਮਾਰ ਦਵਾਈਆਂ ਅਤੇ ਖਾਦਾਂ ਦੀ ਬੇਲੋੜੀ ਵਰਤੋਂ ਨਾ ਕਰਨ, ਦਾ ਸੰਦੇਸ਼ ਬਾਖੂਬੀ ਦਿੱਤਾ। ਵੱਡੀ ਗਿਣਤੀ ਵਿਚ ਪਹੁੰਚੇ ਨਾਟਕ ਪ੍ਰੇਮੀਆਂ ਨੇ ਨਾਟਕ ਨੂੰ ਰੱਝਵਾਂ ਪਿਆਰ ਦਿੱਤਾ। ਇਸ ਸ਼ਾਮ ਦਾ ਦੂਜਾ ਨਾਟਕ ਪੰਜਾਬ ਦੇ ਪ੍ਰਸਿੱਧ ਨਾਟਕਕਾਰ, ਅਦਾਕਾਰ ਅਤੇ ਕਮੇਡੀਅਨ ਗੁਰਚੇਤ ਚਿੱਤਰਕਾਰ ਵੱਲੋਂ ਪੰਜਾਬੀ ਨਾਟਕ ‘ਟੈਨਸ਼ਨ ਫਰੀ’ ਖੇਡਿਆ ਗਿਆ। ਇਸ ਨਾਟਕ ਵਿਚ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨੂੰ ਬਹੁਤ ਸੁਝੱਜੇ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਰਾਹੀਂ ਪੰਜਾਬੀਆਂ ਨੂੰ ਪੰਜਾਬ ਵਿਚ ਰਹਿਣ ਵਾਸਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਸਮਝਣ ਅਤੇ ਮਾਤਾ-ਪਿਤਾ ਵੱਲੋਂ ਬੱਚਿਆਂ ਦੀ ਪਰਵਰਿਸ਼ ਚੰਗੇ ਢੰਗ ਨਾਲ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਨਾਟਕ ਨੂੰ ਫਰੀਦਕੋਟੀਆਂ ਨੇ ਰੱਝਕੇ ਮਾਣਿਆ। ਫਰੀਦਕੋਟ ਸੱਭਿਆਚਾਰਕ ਕਮੇਟੀ ਵੱਲੋਂ ਦੋਨਾਂ ਨਾਟਕ ਟੀਮਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਨੇ ਸਭ ਨੂੰ ਜੀ ਆਇਆਂ ਆਖਿਆ। ਮੰਚ ਸੰਚਾਲਨ ਦੀ ਜੁੰਮੇਵਾਰੀ ਜਸਬੀਰ ਸਿੰਘ ਜੱਸੀ ਵੱਲੋਂ ਨਿਭਾਈ ਗਈ। ਇਸ ਮੌਕੇ ਅਰੁਣ ਸਿੰਗਲਾ ਸ਼ਹਿਰੀ ਪ੍ਰਧਾਨ ਆਮ ਆਦਮੀ ਕੋਟਕਪੂਰਾ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀਆਰਓ, ਡਾ. ਮਨਜੀਤ ਸਿੰਘ ਢਿੱਲੋ ਆਗੂ ਆਮ ਆਦਮੀ ਪਾਰਟੀ, ਰਜਿੰਦਰ ਦਾਸ ਰਿੰਕੂ ਆਮ ਆਦਮੀ ਪਾਰਟੀ, ਹਰਦਿੱਤ ਸਿੰਘ ਸੇਖੋਂ, ਅੰਗਰੇਜ ਸਿੰਘ ਸੇਖੋਂ, ਡਾ. ਬਿਕਰਮਜੀਤ ਕੌਰ ਸੇਖੋ, ਮਹੀਪਇੰਦਰ ਸਿੰਘ ਸੇਖੋਂ, ਸਟੇਟ ਅਵਾਰਡੀ ਜਸਵਿੰਦਰਪਾਲ ਸਿੰਘ ਮਿੰਟੀ, ਲੋਕ ਗਾਇਕ ਸੁਰਜੀਤ ਗਿੱਲ, ਪ੍ਰਿੰਸੀਪਲ ਸੁਰੇਸ਼ ਅਰੋੜਾ, ਪ੍ਰੋਫੈਸਰ ਅਜੀਤ ਸਿੰਘ ਬਾਜਵਾ, ਪ੍ਰੋਫੈਸਰ ਸੰਦੀਪ ਸਿੰਘ, ਪ੍ਰੋਫੈਸਰ ਬੀਰਇੰਦਰ ਸਿੰਘ ਸਰਾਂ, ਹਰਪਾਲ ਸਿੰਘ ਪਾਲੀ ਅਤੇ ਕੁਲਦੀਪ ਸਿੰਘ ਲੰਬੀ ਸਮੇਤ ਵੱਡੀ ਗਿਣਤੀ ਵਿਚ ਕਲਾ ਪ੍ਰੇਮੀ ਹਾਜਰ ਸਨ।