- ਇੱਕ ਮਹੀਨਾ ਜਾਰੀ ਮੁਹਿੰਮ ਤਹਿਤ ਕੈਦੀਆਂ ਨੂੰ ਇਲੈਕਟਰੀਕਲ, ਕੰਪਿਊਟਰ ਕੋਰਸ, ਆਚਾਰ, ਮਸਾਲਾ ਅਤੇ ਬੇਕਰੀ ਉਤਪਾਦ ਤਿਆਰ ਕਰਨ ਦੀ ਦਿੱਤੀ ਸਿਖਲਾਈ
ਲੁਧਿਆਣਾ, 25 ਅਕਤੂਬਰ : ਕੌਮੀ ਕਾਨੁੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਅਗਵਾਈ ਅਤੇ ਸ੍ਰੀ ਰਮਨ ਸ਼ਰਮਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਜਿਲ੍ਹਾ ਲੁਧਿਆਣਾ ਅਧੀਨ 20 ਸਤੰਬਰ, 2023 ਤੋਂ 20 ਅਕਤੂਬਰ, 2023 ਤੱਕ 'ਜੇਲ੍ਹ ਦੇ ਕੈਦੀਆਂ ਲਈ ਸਾਖਰਤਾ' ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਿਲ੍ਹਾ ਲੁਿਧਆਣਾ ਦੀਆਂ ਵੱਖ-ਵੱਖ ਜੇਲ੍ਹਾ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਲਈ ਗੈਰ-ਸਰਕਾਰੀ ਸੰਗਠਨਾਂ ਅਤੇ ਵੋਕੇਸ਼ਨਲ ਸਿਖਲਾਈ ਅਤੇ ਵਿਦਿਅਕ ਸੰਸਥਾਵਾਂ ਵਲੋਂ ਵੱਖ-ਵੱਖ ਵੋਕੇਸ਼ਨਲ ਸਿਖਲਾਈ ਪ੍ਰੋਗਰਾਮ ਚਲਾਏ ਗਏ ਅਤੇ ਉਨ੍ਹਾ ਨੁੰ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦਿੱਤੀ ਗਈ। ਇਨ੍ਹਾਂ ਕੋਰਸਾਂ ਵਿੱਚ ਬਿਜਲੀ ਦਾ ਕੰਮ, ਕੰਪਿਊਟਰ ਕੋਰਸ, ਆਚਾਰ ਬਣਾਉਣਾ, ਮਸਾਲਾ ਅਤੇ ਬੇਕਰੀ ਦਾ ਸਮਾਨ ਤਿਆਰ ਕਰਨਾ ਸ਼ਾਮਲ ਹੈ। ਸ੍ਰੀ ਰਮਨ ਸ਼ਰਮਾ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਨੇ ਦੱਸਿਆ ਕਿ ਇਹ ਮੁਹਿੰਮ ਨਾਲਸਾ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਦੀ ਭਲਾਈ ਲਈ ਚਲਾਈ ਗਈ ਹੈ ਤਾਂ ਜੋ ਉਹ ਜ਼ੇਲ੍ਹ ਤੋਂ ਬਾਹਰ ਆ ਕੇ ਹੋਰ ਕੋਈ ਜੁਰਮ ਨਾ ਕਰਦਿਆਂ ਇਸ ਟ੍ਰੇਨਿੰਗ ਦਾ ਫਾਇਦਾ ਚੁੱਕਣ ਅਤੇ ਮਿਹਨਤ ਕਰਕੇ ਆਪਣੀ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰ ਸਕਣ।