- ਐਸ.ਡੀ.ਐਮਜ ,ਤਹਿਸੀਲਦਾਰਾਂ, ਬੀ.ਡੀ.ਪੀ.ਓਜ, ਖੇਤੀਬਾੜੀ ਅਫ਼ਸਰਾਂ ਸਮੇਤ ਹੋਰ ਵਿਭਾਗਾਂ ਨੇ ਕਿਸਾਨਾਂ
- ਨਾਲ ਸਿੱਧਾ ਰਾਬਤਾ ਸਾਧਿਆ
- ਐਸ.ਡੀ.ਐਮ ਅਹਿਮਦਗੜ੍ਹ ਨੇ ਪਿੰਡ ਜਾਡਲੀ ਖ਼ੁਰਦ ਦੇ ਕਿਸਾਨ ਕ੍ਰਿਪਾਲ ਸਿੰਘ ਦੇ ਖੇਤ ਵਿਖੇ ਪੁੱਜ ਕੇ ,ਕਿਸਾਨਾਂ ਅਤੇ ਹੋਰ ਪਿੰਡ ਨਿਵਾਸੀਆਂ ਨੂੰ ਅਗਾਂਹਵਧੂ ਕਿਸਾਨ ਤੋਂ ਸੇਧ ਲੈ ਕੇ ਬਿਨਾਂ ਅੱਗ ਲਗਾਏ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਲਈ ਕੀਤਾ ਪ੍ਰੇਰਿਤ
ਮਾਲੇਰਕੋਟਲਾ 10 ਅਕਤੂਬਰ : ਮਾਲੇਰਕੋਟਲਾ ਜ਼ਿਲ੍ਹੇ ਦੇ ਖੇਤਾਂ ਵਿੱਚ ਪਰਾਲੀ ਸਾੜਨੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਖੇਤਾਂ ਤੱਕ ਪਹੁੰਚ ਬਣਾਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਅਤੇ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ, ਸਹਾਇਕ ਕਮਿਸ਼ਨਰ, ਸਬ ਡਵੀਜ਼ਨਾਂ ਦੇ ਐਸ.ਡੀ.ਐਮਜ ਸਮੇਤ ਮਾਲ ਵਿਭਾਗ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਖੇਤੀਬਾੜੀ ਅਫ਼ਸਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਹਿਕਾਰਤਾ ਵਿਭਾਗ, ਪੰਜਾਬ ਫਾਇਰ ਸਰਵਿਸ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਆਦਿ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਨੇ ਕਿਸਾਨਾਂ ਨਾਲ ਸਿੱਧਾ ਰਾਬਤਾ ਸਾਧਕੇ ਕਿਸਾਨਾਂ ਨੂੰ ਪਰਾਲੀ ਨੂੰ ਬਿਨਾਂ ਅੱਗ ਲਗਾਏ ਸਰਕਾਰ ਵੱਲੋਂ ਕਰੀਬ 80 ਫ਼ੀਸਦੀ ਸਬਸਿਡੀ ਤੇ ਮੁਹੱਈਆ ਕਰਵਾਏ ਆਧੁਨਿਕ ਖੇਤੀਬਾੜੀ ਮਸ਼ੀਨਰੀ ਨਾਲ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਐਸ.ਡੀ.ਐਮ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਨੇ ਪਿੰਡ ਜਾਡਲੀ ਖ਼ੁਰਦ ਦੇ ਅਗਾਂਹਵਧੂ ਕਿਸਾਨ ਕ੍ਰਿਪਾਲ ਸਿੰਘ ਦੇ ਖੇਤ ਵਿਖੇ ਪੁੱਜ ਕੇ ਇਲਾਕੇ ਦੇ ਹੋਰ ਕਿਸਾਨਾਂ ਅਤੇ ਹੋਰ ਪਿੰਡ ਨਿਵਾਸੀਆਂ ਨੂੰ ਅਗਾਂਹਵਧੂ ਕਿਸਾਨ ਤੋਂ ਸੇਧ ਲੈ ਕੇ ਬਿਨਾਂ ਅੱਗ ਲਗਾਏ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਪਰਾਲੀ ਦਾ ਬਿਨਾਂ ਅੱਗ ਲਗਾਏ ਨਿਪਟਾਰਾ ਕਰਨ ਵਾਲੇ ਕਿਸਾਨ ਹੋਰਨਾ ਲਈ ਪ੍ਰੇਰਨਾ ਸਰੋਤ ਬਣਦੇ ਹਨ । ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਫ਼ਸਲੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਸੰਭਾਲਣ ਜਾਂ ਜ਼ਮੀਨ ਵਿੱਚ ਹੀ ਵਾਹੁਣ ਲਈ ਆਪਣੀ ਸੋਚ ਬਦਲਣਾ ਸਮੇਂ ਦੀ ਲੋੜ ਹੈ, ਸਾਨੂੰ ਸਾਰਿਆਂ ਨੂੰ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਦਾ ਸੱਦਾ ਦਿੱਤਾ ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬੇਲਰਾਂ ਤੇ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਤੇ ਐਕਸ ਸੀਟੂ ਤੇ ਇਨ ਸੀਟੂ ਤਕਨੀਕਾਂ ਨਾਲ ਪਰਾਲੀ ਨੂੰ ਠਿਕਾਣੇ ਲਗਾਉਣ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਪਿੰਡ ਜਾਡਲੀ ਖ਼ੁਰਦ ਦੇ ਅਗਾਂਹਵਧੂ ਕਿਸਾਨ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕੁੱਲ 09 ਏਕੜ ਜ਼ਮੀਨ (1.5 ਏਕੜ ਆਪਣੀ ਅਤੇ ਬਾਕੀ ਏਕੜ ਠੇਕੇ ਤੇ) ਖੇਤੀ ਕਰਦਾ ਹੈ। ਪਿਛਲੇ 5 ਸਾਲਾਂ ਤੋਂ ਉਸ ਨੇ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਬਿਨਾਂ ਅੱਗ ਲਗਾਏ ਪਰਾਲੀ ਦੇ ਪ੍ਰਬੰਧਨ ਕਰਦਾ ਆ ਰਿਹਾ ਹੈ। ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਨਾਲ ਨਾ ਹੀ ਸਿਰਫ਼ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਹੈ ਸਗੋਂ ਜ਼ਮੀਨ ਵਿਚਲੇ ਤੱਤ ਵੀ ਨਸ਼ਟ ਨਹੀਂ ਹੁੰਦੇ ਅਤੇ ਖੇਤੀ ਲਾਗਤ ਵਿੱਚ ਵੀ ਕਮੀ ਆਉਣ ਨਾਲ ਉਸ ਦੀ ਆਰਥਿਕਤਾ ਵਿੱਚ ਸੁਧਾਰ ਹੋਇਆ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਫ਼ਸਲੀ ਵਿਭਿੰਨਤਾ ਨੂੰ ਅਪਣਾਇਆ ਹੈ ,ਹੁਣ ਉਹ ਆਪਣੇ ਖੇਤ ਨੂੰ ਆਲੂ ਦੀ ਫ਼ਸਲ ਲਈ ਤਿਆਰ ਕਰਨਗੇ ਅਤੇ ਉਸ ਉਪਰੰਤ ਮੱਕੀ ਆਦਿ ਲਗਾਉਣਗੇ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਗਲੀ ਫ਼ਸਲ ਬੀਜਣ ਲਈ ਕਾਹਲੀ ਵਿੱਚ ਖੇਤਾਂ 'ਚ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਇਸ ਦਾ ਯੋਗ ਪ੍ਰਬੰਧਨ ਕਰਨ ਲਈ ਅੱਗੇ ਆਕੇ ਆਪਣੀਆਂ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰਨ ।