- ਪਿਛਲੇ ਸਾਲਾਂ ਦੌਰਾਨ ਹੜ੍ਹਾਂ ਨਾਲ ਪ੍ਰਭਾਵਿਤ ਰਹੇ ਸੰਵੇਦਨਸ਼ੀਲ ਖੇਤਰਾਂ ਦਾ ਲਿਆ ਜਾਇਜ਼ਾ
- ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਤੇ ਹਰੇਕ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ : ਡਿਪਟੀ ਕਮਿਸ਼ਨਰ
ਪਟਿਆਲਾ, 27 ਜੂਨ : ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਅੱਜ ਜ਼ਿਲ੍ਹੇ 'ਚੋਂ ਲੰਘਦੇ ਘੱਗਰ ਸਮੇਤ ਹੋਰ ਨਦੀਆਂ ਨਾਲਿਆਂ ਦਾ ਦੌਰਾ ਕੀਤਾ ਅਤੇ ਪਿਛਲੇ ਸਾਲਾਂ ਦੌਰਾਨ ਹੜ੍ਹਾਂ ਨਾਲ ਪ੍ਰਭਾਵਿਤ ਰਹੇ ਸੰਵੇਦਨਸ਼ੀਲ ਖੇਤਰਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਕੀਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਪਾਤੜਾਂ ਨਵਦੀਪ ਕੁਮਾਰ, ਐਮ.ਡੀ.ਐਮ. ਦੁਧਨਸਾਧਾ ਕ੍ਰਿਪਾਲਵੀਰ ਸਿੰਘ ਸਮੇਤ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਸਰਾਲਾ ਕਲਾਂ, ਜਿੱਥੇ ਕਿ ਘੱਗਰ 'ਤੇ ਪੁਲ ਹੇਠਾਂ ਪਾਣੀ ਦੇ ਬੇਰੋਕ ਲਾਂਘੇ ਲਈ ਸਫਾਈ ਕਰਵਾਈ ਗਈ ਹੈ, ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਹ ਸਰਾਲਾ ਖੁਰਦ, ਜਿੱਥੇ ਕਿ ਘੱਗਰ ਮੁੜਦਾ ਹੈ ਅਤੇ ਜਿਥੇ ਪੱਚੀ ਦਰਾਂ ਅਤੇ ਘੱਗਰ ਮਿਲਦੇ ਹਨ ਦਾ ਜਾਇਜ਼ਾ ਲੈਣ ਗਏ। ਉਨ੍ਹਾਂ ਨੇ ਸਨੌਰ ਹਲਕੇ ਦੇ ਪਿੰਡ ਸਿਰਕੱਪੜਾ ਵਿਖੇ ਘੱਗਰ ਅਤੇ ਦੇਵੀਗੜ੍ਹ-ਪਿਹੋਵਾ ਰੋਡ 'ਤੇ ਸਥਿਤ ਦਰਿਆ ਟਾਂਗਰੀ ਅਤੇ ਮੀਰਾਪੁਰ ਚੋਅ ਅਤੇ ਹਲਕਾ ਸ਼ੁਤਰਾਣਾ ਦੇ ਪਿੰਡ ਬਾਦਸ਼ਾਹਪੁਰ ਵਿਖੇ ਪਾਣੀ ਦੀ ਨਿਕਾਸੀ ਦੇ ਹੋਏ ਕੰਮ ਦਾ ਜਾਇਜ਼ਾ ਵੀ ਲਿਆ। ਸਾਕਸ਼ੀ ਸਾਹਨੀ ਨੇ ਕਿਹਾ ਕਿ ਮੌਸਮ ਵਿਭਾਗ ਦੀ ਐਡਵਾਈਜ਼ਰੀ ਦੇ ਆਧਾਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਨਦੀਆਂ ਨਾਲਿਆਂ ਦੀ ਸਫ਼ਾਈ ਹੋ ਚੁੱਕੀ ਹੈ ਤੇ ਜਿਹੜੇ ਕੰਮ ਚੱਲ ਰਹੇ ਹਨ ਉਹ ਵੀ ਮੁਕੰਮਲ ਹੋਣ ਨੇੜੇ ਹਨ। ਉਨ੍ਹਾਂ ਕਿਹਾ ਕਿ ਅੱਜ ਸੰਵੇਦਨਸ਼ੀਲ ਖੇਤਰਾਂ ਦਾ ਦੌਰਾ ਕੀਤਾ ਗਿਆ ਹੈ ਤਾਂ ਜੋ ਜੇਕਰ ਕਿਸੇ ਖੇਤਰ ਵਿੱਚ ਹੋਰ ਸੁਧਾਰ ਦੀ ਲੋੜ ਹੈ ਤਾਂ ਉਸਨੂੰ ਵੀ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਲੱਗਦਾ ਹੈ ਕਿ ਸਾਡੇ ਖੇਤਰ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੈ ਜਾ ਸਾਡੇ ਖੇਤਾਂ ਨੂੰ ਨੁਕਸਾਨ ਹੋ ਸਕਦਾ ਹੈ ਉਹ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 'ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬਰਸਾਤਾਂ ਦਾ ਪਾਣੀ ਜੋ ਖੇਤਾਂ ਵਿੱਚ ਇਕੱਠਾ ਹੁੰਦਾ ਹੈ ਉਸ ਲਈ ਵੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਬਰਸਾਤੀ ਪਾਣੀ ਨੂੰ ਕੱਢਣ ਲਈ ਕੰਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਾਣੀ ਨੂੰ ਰੀਚਾਰਜ ਕਰਨ ਲਈ ਵੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜ਼ਿਆਦਾ ਮੀਂਹ ਆਉਣ ਨਾਲ ਪਾਣੀ ਭਰ ਜਾਂਦਾ ਹੈ ਇਸ ਵਾਰ ਕਾਰਜਕਾਰੀ ਅਫ਼ਸਰਾਂ ਵੱਲੋਂ ਨਾਲਿਆਂ ਦੀ ਸਫ਼ਾਈ ਦਾ ਕੰਮ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਤੇ ਨਾਲਿਆਂ ਦੀ ਸਫ਼ਾਈ ਦਾ ਸਰਟੀਫਿਕੇਟ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਕੰਮ ਨਿਰੰਤਰ ਸਾਲ ਭਰ ਕੀਤਾ ਜਾਇਆ ਕਰੇਗਾ ਤਾਂ ਜੋ ਬਰਸਾਤਾਂ ਦੇ ਮੌਸਮ ਵਿੱਚ ਹੁੰਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਕਿਸੇ ਵੀ ਨਾਗਰਿਕ ਨੂੰ ਬਰਸਾਤਾਂ ਦੇ ਮੌਸਮ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਡੀ.ਡੀ.ਪੀ.ਓ. ਅਮਨਦੀਪ ਕੌਰ, ਬੀ.ਡੀ.ਪੀ.ਓ., ਤਹਿਸੀਲਦਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ।