- ਕਿਸਾਨ ਸੰਗਠਨਾਂ ਵੱਲੋਂ ਵੀ ਪਰਾਲੀ ਪ੍ਰਬੰਧਨ ਵਿਚ ਸਹਿਯੋਗ ਦਾ ਭਰੋਸਾ
ਫਾਜਿ਼ਲਕਾ, 23 ਅਕਤੂਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਵੱਖ ਵੱਖ ਕਿਸਾਨ ਸੰਗਠਨਾਂ ਦੇ ਪ੍ਰਤਿਨਿਧਾਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਸੁਣੀਆਂ। ਡਿਪਟੀ ਕਮਿਸ਼ਨਰ ਨੇ ਕਿਸਾਨ ਸੰਗਠਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੁਸਕਿਲਾਂ ਦਾ ਹੱਲ ਕੀਤਾ ਜਾਵੇਗਾ ਪਰ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਕਿਸਾਨ ਦੀ ਜਮੀਨ ਦੇ ਕੁਦਰਤੀ ਤੱਤਾਂ ਦਾ ਸੋਮਾ ਹੈ, ਇਸ ਲਈ ਇਸ ਨੂੰ ਖੇਤ ਵਿਚ ਹੀ ਮਿਲਾਈਏ ਅਤੇ ਸਾੜੀਏ ਨਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਲਈ ਕਿਸਾਨ ਪ੍ਰਮੁੱਖ ਤਰਜੀਹ ਹਨ ਅਤੇ ਇਸੇ ਲਈ ਪ੍ਰਸ਼ਾਸਨ ਹਰ ਕਦਮ ਤੇ ਕਿਸਾਨਾਂ ਦੇ ਨਾਲ ਹੈ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਦੇ ਹਲ ਲਈ ਤਤਪਰਤਾ ਨਾਲ ਕੰਮ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵਿਸਥਾਰ ਵੀ ਕਿਸਾਨ ਆਗੂਆਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਜਿੱਥੇ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਤੇ ਮੁਹਈਆ ਕਰਵਾਈਆਂ ਗਈਆਂ ਹਨ ਉਥੇ ਹੀ ਕਿਸਾਨਾਂ ਦੀ ਪਰਾਲੀ ਗਊਸ਼ਾਲਾਵਾਂ ਵਿਚ ਭੇਜਣ ਲਈ ਵੀ ਵਿਊ਼ਂਤਬੰਦੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਸਾੜਨ ਦਾ ਸਭ ਤੋਂ ਪਹਿਲਾਂ ਨੁਕਸਾਨ ਸਾਨੂੰ ਖੁਦ ਨੂੰ ਹੀ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਮੌਕੇ ਤੇ ਹੀ ਸਹਿਕਾਰਤਾ ਵਿਭਾਗ ਨੂੰ ਹਦਾਇਤ ਕੀਤੀ ਕਿ ਡੀਏਪੀ ਖਾਦ ਦੀ ਕੋਈ ਘਾਟ ਨਾ ਆਉਣ ਦਿੱਤੀ ਜਾਵੇ ਅਤੇ ਸਾਰੇ ਜਿ਼ਲ੍ਹੇ ਵਿਚ ਇਕਸਾਰ ਖਾਦ ਦੀ ੳਪਲਬੱਧਤਾ ਕਰਵਾਈ ਜਾਵੇ।ਇਸੇ ਤਰਾਂ ਸੇਮ ਨਾਲਿਆਂ ਦੀ ਟੁੱਟੀਆਂ ਪੁਲੀਆਂ ਦੇ ਸਬੰਧ ਵਿਚ ਵੀ ਉਨ੍ਹਾਂ ਨੇ ਸਬੰਧਤ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ੇਕਰ ਕਿਸੇ ਕਿਸਾਨ ਨੂੰ ਬੀਜਾਂ ਦੀ ਗੁਣਵਤਾ ਸਬੰਧੀ ਕੋਈ ਸਿ਼ਕਾਇਤ ਹੋਵੇ ਤਾਂ ਉਹ ਵਿਭਾਗ ਨਾਲ ਰਾਬਤਾ ਕਰਨ ਤਾਂ ਬੀਜਾਂ ਦੀ ਸੈਪਲਿੰਗ ਕਰਵਾ ਦਿੱਤੀ ਜਾਵੇਗੀ ਜਦ ਕਿ ਵਿਭਾਗ ਨੂੰ ਆਮ ਵਾਂਗ ਸੈਂਪਲਿੰਗ ਕਰਦੇ ਰਹਿਣ ਦੀ ਪਹਿਲਾਂ ਹੀ ਹਦਾਇਤ ਕੀਤੀ ਹੋਈ ਹੈ। ਇਸੇ ਤਰਾਂ ਕਿਸਾਨਾਂ ਦੀਆਂ ਹੋਰ ਮੰਗਾਂ ਦਾ ਵੀ ਡਿਪਟੀ ਕਮਿਸ਼ਨਰ ਨੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਵੀ ਪਰਾਲੀ ਨਾ ਸਾੜਨ ਦਾ ਭਰੋਸਾ ਦਿੱਤਾ। ਬੈਠਕ ਵਿਚ ਮੁੱਖ ਖੇਤੀਬਾੜੀ ਅਫ਼ਸਰ ਸ: ਗੁਰਮੀਤ ਸਿੰਘ ਚੀਮਾ ਵੀ ਹਾਜਰ ਸਨ।