ਫਾਜ਼ਿਲਕਾ, 28 ਜੂਨ ; ਸ੍ਰੀ ਗਉ ਰਕਸ਼ਨੀ ਸਭਾ ਫਾਜ਼ਿਲਕਾ ਦੀ ਮੈਨੇਜਮੈਂਟ ਕਮੇਟੀ ਵੱਲੋਂ ਗਉਸ਼ਾਲਾ ਵਿਖੇ 64 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ 22 ਕਵਾਟਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਗਵਾਲਿਆਂ ਨੂੰ ਸਪੁਰਦ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਗਵਾਲਿਆਂ ਦੇ ਪਰਿਵਾਰ ਨੂੰ ਕਵਾਟਰ ਸਪੁਰਦ ਕਰਨ ਮੌਕੇ ਜਿਥੇ ਉਨ੍ਹਾਂ ਨੂੰ ਵਧਾਈ ਦਿੱਤੀ ਉਥੇ ਉਨ੍ਹਾਂ ਵੱਲੋਂ ਗਉਆਂ ਦੀ ਸੰਭਾਲ ਵਰਗੇ ਕੀਤੇ ਜਾ ਰਹੇ ਪੁੰਨ ਦੇ ਕੰਮ ਦੀ ਸ਼ਲਾਘਾ ਵੀ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਗਉਆਂ ਦੀ ਰਾਖੀ ਕਰਨ ਵਾਲੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬਚਿਆਂ ਨੂੰ ਲਾਜਮੀ ਪੜਾਉਣ ਤੇ ਸਕੂਲ ਜ਼ਰੂਰ ਭੇਜਣ। ਉਨ੍ਹਾਂ ਬਚਿਆਂ ਨੁੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪੜ੍ਹਾਈ—ਲਿਖਾਈ ਕਰਕੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਸਕਦੇ ਹਨ ਤੇ ਚੰਗੇ ਮੁਕਾਮ *ਤੇ ਪਹੁੰਚ ਸਕਦੇ ਹਨ।ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੇਕਰ ਕੋਈ ਵੀ ਸਹਿਯੋਗ ਚਾਹੀਦਾ ਹੋਵੇ ਤਾਂ ਉਹ ਲਾਜਮੀ ਤੌਰ *ਤੇ ਮੁਹੱਈਆ ਕਰਵਾਉਣਗੇ। ਇਸ ਨੇਕ ਭਲਾਈ ਦੇ ਕੰਮ ਦੀ ਸ਼ੁਰੂਆਤ ਹਵਨ ਕਰਕੇ ਕੀਤੀ ਗਈ ਜਿਸ ਦੀ ਰਸਮ ਸਵਾਮੀ ਕਮਲਾਨੰਦ ਵੱਲੋਂ ਨਿਭਾਈ ਗਈ।ਸਵਾਮੀ ਕਮਲਾਨੰਦ ਵੱਲੋਂ ਗਵਾਲਿਆਂ ਸਮੇਤ ਪੂਰੀ ਗਉਸ਼ਾਲਾ ਮੈਨੇਜਮੈਂਟ ਕਮੇਟੀ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਪੂਰੇ ਕਾਰਜ ਨੂੰ ਮੁਕੰਮਲ ਕਰਨ ਵਿਚ ਗਉਸ਼ਾਲਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰੀ ਅਸ਼ੋਕ ਗੁਲਬਧਰ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।