- ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨਾਲ ਵੀ ਕੀਤੀ ਗੱਲਬਾਤ
- ਕਿਹਾ, ਉਚੇਰੀ ਸਿੱਖਿਆ ਅਤੇ ਚੰਗੀ ਸਿਹਤ ਮੁੱਹਈਆ ਕਰਵਾਉਣਾ ਸਰਕਾਰ ਦਾ ਮੁੱਖ ਟੀਚਾ
ਫਰੀਦਕੋਟ 28 ਸਤੰਬਰ : ਪੰਜਾਬ ਦੇ ਸਾਰੇ 117 ਹਲਕਿਆਂ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 13 ਸਤੰਬਰ ਤੋਂ ਸ਼ੁਰੂ ਕੀਤੇ ਸਕੂਲ ਆਫ ਐਮੀਨੈਂਸ ਦੇ ਤਹਿਤ ਫਰੀਦਕੋਟ ਜਿਲ੍ਹੇ ਦੇ 3 ਹਲਕਿਆਂ ਵਿੱਚ ਚਲਾਏ ਜਾ ਰਹੇ ਇਨ੍ਹਾਂ ਵਿਲੱਖਣ ਕਿਸਮ ਦੇ ਸਕੂਲਾਂ ਦੀ ਕਾਰਗੁਜ਼ਾਰੀ, ਬੁਨਿਆਦੀ ਢਾਂਚੇ ਅਤੇ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਪੜ੍ਹਾਈ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਉਚੇਰੀ ਸਿੱਖਿਆ ਅਤੇ ਚੰਗੀ ਸਿਹਤ ਦੇਣਾ ਹੈ। ਇਸ ਮੰਤਵ ਦੀ ਪੂਰਤੀ ਲਈ ਜਿੱਥੇ ਸਰਕਾਰ ਵੱਲੋਂ ਹਸਪਤਾਲਾਂ ਡਿਸਪੈਂਸਰੀਆਂ ਅਤੇ ਆਮ ਆਦਮੀ ਕਲੀਨਿਕਾਂ ਵੱਲ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ, ਉੱਥੇ ਨਾਲ ਹੀ ਸੂਬੇ ਦੇ 117 ਹਲਕਿਆਂ ਵਿੱਚ 117 ਸਕੂਲ ਆਫ ਐਮੀਨੈਂਸ ਖੋਲ੍ਹੇ ਗਏ ਹਨ। ਨੌਵੀਂ ਅਤੇ ਗਿਆਰਵੀਂ ਦੀਆਂ ਕਲਾਸਾਂ ਵਿੱਚ ਇਨ੍ਹਾਂ ਸਕੂਲਾਂ ਵਿੱਚ ਐਂਟਰੈਂਸ ਰਾਹੀਂ ਦਾਖਲਾ ਲੈ ਕੇ ਪੜ੍ਹ ਰਹੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਨਾਲ ਸਾਰੇ ਦੇਸ਼ ਵਿੱਚ ਜਿੱਥੇ ਕਿੱਤੇ ਵੀ ਕੋਈ ਖਾਸ ਸਿੱਖਿਆ ਪ੍ਰਾਪਤ ਕਰਨ ਸਬੰਧੀ ਸਮਾਗਮ ਜਾਂ ਥਾਂ ਹੈ ਤਾਂ ਉੱਥੇ ਵੀ ਇਨ੍ਹਾਂ ਬੱਚਿਆਂ ਨੂੰ ਲੈ ਕੇ ਜਾਇਆ ਜਾਂਦਾ ਹੈ। ਪਿੱਛੇ ਜਿਹੇ ਜਿਲ੍ਹਾ ਫਰੀਦਕੋਟ ਦੇ ਬੱਚਿਆਂ ਨੇ ਜਿੱਥੇ 2 ਦਿਨਾਂ ਲਈ ਪੰਜਾਬ ਵਿਧਾਨ ਸਭਾ ਦੀ ਕਾਰਗੁਜ਼ਾਰੀ ਚੰਡੀਗੜ੍ਹ ਪਹੁੰਚ ਕੇ ਦੇਖੀ, ਉੱਥੇ ਨਾਲ ਹੀ ਇਸਰੋ ਦੇ ਸਪੇਸ ਸੈਟੇਲਾਈਟ ਚੰਦਰਯਾਨ-3 ਨੂੰ ਵੀ ਨੇੜੇ ਜਾ ਕੇ ਸਮਝਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਖਾਸ ਅਤੇ ਵਿਲੱਖਣ ਕਿਸਮ ਦੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 35 ਤੋਂ ਵੱਧ ਨਹੀਂ ਹੈ ਅਤੇ ਅਧਿਆਪਕਾਂ ਦੀ ਵੀ ਕੋਈ ਘਾਟ ਨਹੀਂ ਆਉਣ ਦਿੱਤੀ ਜਾ ਰਹੀ। ਕਿਉਂ ਜੋ ਇਹ ਸਕੂਲ ਹਾਲ ਦੀ ਘੜੀ ਵਿੱਚ ਹੀ ਸ਼ੁਰੂ ਕੀਤੇ ਗਏ ਹਨ,ਇਸ ਕਾਰਨ ਇਨ੍ਹਾਂ ਸਕੂਲਾਂ ਵਿੱਚ ਮੁੱਢਲੀਆਂ ਸਹੂਲਤਾਂ ਅਤੇ ਆਧੁਨਿਕ ਉਪਕਰਨ ਹਾਲੇ ਮੁੱਹਈਆ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ ਹੁਣ ਤੱਕ ਮੁੱਹਈਆ ਕਰਵਾਏ ਗਏ ਸਾਜ਼ੋ ਸਮਾਨ, ਜਿਵੇਂ ਕਿ ਕੰਪਿਊਟਰ, ਮਲਟੀ ਮੀਡੀਆ, ਆਡਿਓ ਵਿਜ਼ੂਅਲ ਜਾਂ ਬੱਚਿਆਂ ਦੀ ਵਰਦੀ ਸਬੰਧੀ ਕੋਈ ਦਿੱਕਤ ਦਰਪੇਸ਼ ਨਾ ਆ ਰਹੀ ਹੋਵੇ, ਇਸੇ ਕਾਰਨ ਹੀ ਅੱਜ ਦੀ ਇਹ ਫੀਲਡ ਵਿਜ਼ਿਟ ਇਨ੍ਹਾਂ ਸਕੂਲਾਂ ਲਈ ਰੱਖੀ ਗਈ ਹੈ। ਫੀਲਡ ਵਿਜ਼ਿਟ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਵਿਦਿਆਰਥੀਆਂ ਨਾਲ ਸਾਰੀ ਉਮਰ ਕੰਮ ਆਉਣ ਵਾਲੇ ਪੜ੍ਹਾਈ ਸਬੰਧੀ ਖਾਸ ਨੁਕਤੇ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਇਨ੍ਹਾਂ ਸਕੂਲਾਂ ਵਿੱਚ ਇਸ ਵੇਲੇ 3442 ਬੱਚੇ ਦਾਖਲਾ ਲੈ ਕੇ ਪੜ੍ਹ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਸਿੱਖਿਆ ਅਫਸਰ ਸ. ਮੇਵਾ ਸਿੰਘ ਸਿੱਧੂ, ਡੀ.ਪੀ.ਆਰ.ਓ. ਸ. ਗੁਰਦੀਪ ਸਿੰਘ ਮਾਨ, ਪ੍ਰਿ. ਭੁਪਿੰਦਰ ਸਿੰਘ ਬਰਾੜ, ਪ੍ਰਿ. ਰਾਜੇਸ ਸ਼ਰਮਾ, ਪ੍ਰਿ. ਨਵਦੀਪ ਸ਼ਰਮਾ, ਹੈੱਡ ਮਾਸਟਰ ਨਵਦੀਪ ਸ਼ਰਮਾ ਹਾਜ਼ਰ ਸਨ।