ਸ੍ਰੀ ਅਨੰਦਪੁਰ ਸਾਹਿਬ 25 ਜੂਨ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋ ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਲਈ ਨਿਰੰਤਰ ਉਪਰਾਲੇ ਸਫਲਤਾਪੂਰਵਕ ਉਪਰਾਲੇ ਕੀਤੇ ਜਾ ਰਹੇ ਹਨ, ਪ੍ਰੰਤੂ ਇਸ ਵਿੱਚ ਨੋਜਵਾਨਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ, ਕਿਉਕਿ ਕੁਰਾਹੇ ਪਏ ਨੋਜਵਾਨ ਭਰਾਵਾਂ ਨੂੰ ਨਸ਼ਿਆ ਦੀ ਗ੍ਰਿਫਤ ਵਿਚੋ ਬਾਹਰ ਕੱਡਣ ਲਈ ਨੋਜਵਾਨਾਂ ਨੂੰ ਲਾਮਬੰਦ ਹੋਣਾ ਪਵੇਗਾ। ਪਿੰਡਾਂ ਵਿੱਚ ਯੂਥ ਕਲੱਬ ਬਣਾ ਕੇ ਖੇਡ ਮੁਕਾਬਲੇ ਅਤੇ ਖੂਨਦਾਨ ਕੈਂਪ ਲਗਾਉਣ ਲਈ ਨੌਜਵਾਨ ਜਾਗਰੂਕ ਹੋਣ ਅਤੇ ਹਰ ਨੋਜਵਾਨਾਂ ਦਾ ਰੁੱਖ ਖੇਡ ਮੈਦਾਨ ਵੱਲ ਹੋਵੇ, ਸਾਡੀ ਸਰਕਾਰ ਇਨ੍ਹਾਂ ਕਲੱਬਾ, ਸੰਸਥਾਵਾਂ, ਸੰਗਠਨਾਂ ਨੂੰ ਹਰ ਤਰਾਂ ਦੀ ਮਾਲੀ ਮੱਦਦ ਅਤੇ ਖੇਡਾਂ ਲਈ ਢੁਕਵਾ ਵਾਤਾਵਰਣ, ਖੇਡ ਮੈਦਾਨ ਉਪਲੱਬਧ ਕਰਵਾਉਣ ਲਈ ਪੂਰੀ ਤਰਾਂ ਬਚਨਬੱਧ ਹੈ। ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਬੀਤੀ ਸ਼ਾਮ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਐਸ.ਜੀ.ਐਸ ਖਾਲਸਾ ਸੀਨੀ.ਸੈਕੰ.ਸਕੂਲ ਵਿੱਚ ਆਯੋਜਿਤ ਤੀਜਾ ਫੁੱਟਬਾਲ ਟੂਰਨਾਮੈਂਟ ਮੌਕੇ ਖਿਡਾਰੀਆਂ, ਖੇਡ ਪ੍ਰੇਮੀਆ ਤੇ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਸ੍ਰੀ ਅਨੰਦਪੁਰ ਸਾਹਿਬ ਫੁੱਟਬਾਲ ਕਲੱਬ ਵੱਲੋਂ 22 ਤੋ 25 ਜੂਨ ਤੱਕ ਇਹ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਫੁੱਟਬਾਲ ਖਿਡਾਰੀ ਭਾਗ ਲੈ ਰਹੇ ਹਨ। ਕੈਬਨਿਟ ਮੰਤਰੀ ਵੱਲੋਂ ਕਲੱਬ ਨੂੰ 50 ਹਜ਼ਾਰ ਰੁਪਏ ਦੀ ਮਾਲੀ ਮੱਦਦ ਦੇਣ ਦਾ ਐਲਾਨ ਕੀਤਾ ਗਿਆ ਅਤੇ ਭਵਿੱਖ ਵਿੱਚ ਕਲੱਬ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਹਰਜੋਤ ਬੈਂਸ ਨੇ ਇਸ ਮੌਕੇ ਕਿਹਾ ਕਿ ਸਰਕਾਰ, ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਨਸ਼ੇ ਨੂੰ ਖਤਮ ਕਰਨ ਦੀ ਮੁਹਿੰਮ ਜਾਰੀ ਹੈ, ਇਸ ਵਿੱਚ ਨੋਜਵਾਨਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਜਿਹੜੇ ਨੌਜਵਾਨ ਕਿਸੇ ਕਾਰਨ ਨਸ਼ੇ ਦੀ ਪਕੜ ਵਿਚ ਆ ਗਏ ਹਨ, ਉਸ ਦਾ ਬਾਈਕਾਟ ਦਾ ਤ੍ਰਿਸਕਾਰ ਨਹੀ ਕਰਨਾ ਹੈ, ਸਗੋਂ ਉਸ ਨੂੰ ਹਮਦਰਦੀ ਅਤੇ ਮੇਲਜੋਲ ਨਾਲ ਮੁੜ ਲੀਹ ਤੇ ਲਿਆਉਣਾ ਹੈ। ਸਮਾਜ ਵਿੱਚ ਅਜਿਹੇ ਨੋਜਵਾਨ ਜਦੋਂ ਮੁੜ ਆਮ ਨਾਗਰਿਕ ਬਣਦੇ ਹਨ, ਤਾਂ ਉਹ ਹੋਰ ਨੋਜਵਾਨਾ ਲਈ ਪ੍ਰੇਰਨਾ ਸ੍ਰੋਤ ਬਣਦੇ ਹਨ, ਇਸ ਲਈ ਨੌਜਵਾਨਾਂ ਨੂੰ ਰਲ ਮਿਲ ਕੇ ਹੰਬਲਾ ਮਾਰਨ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਵਿੱਚ ਬਹੁਤ ਤਾਕਤ ਹੈ, ਨੌਜਵਾਨਾਂ ਨੂੰ ਪਿੰਡਾਂ ਤੇ ਸ਼ਹਿਰਾ ਵਿਚ ਕਲੱਬ ਬਣਾਉਣੇ ਚਾਹੀਦੇ ਹਨ, ਅਜਿਹੇ ਕਲੱਬ ਖੂਨਦਾਨ ਕੈਂਪ ਲਗਾਉਣ, ਟੂਰਨਾਮੈਂਟ ਕਰਵਾਉਣ, ਸਰਕਾਰ ਉਨ੍ਹਾਂ ਦੀ ਪੂਰੀ ਮੱਦਦ ਕਰੇਗੀ। ਕੈਬਨਿਟ ਮੰਤਰੀ ਨੇ ਤੀਜਾ ਖੇਡ ਮੁਕਾਬਲਾ ਕਰਵਾਉਣ ਲਈ ਸੰਸਥਾਂ ਦੇ ਪ੍ਰਬੰਧਕਾ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸਸਕੌਰ ਤੇ ਨੰਗਲ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਤੇ ਫੁੱਟਬਾਲ ਮੈਚ ਦਾ ਅਨੰਦ ਮਾਣਿਆ। ਕਲੱਬ ਵੱਲੋਂ ਕੈਬਨਿਟ ਮੰਤਰੀ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰ ਪ੍ਰਧਾਨ ਰਾਜਨਦੀਪ ਸਿੰਘ, ਕਮਲਜੀਤ ਸਿੰਘ, ਗੁਰਪਵਿੱਤਰਾ ਸਿੰਘ, ਐਨਸੀਸੀ ਅਫਸਰ ਰਣਜੀਤ ਸਿੰਘ, ਰਾਜ ਪਵਿੱਤਰਾ ਸਿੰਘ, ਰਮਨਦੀਪ ਸਿੰਘ, ਰਮਨਜੀਤ ਸਿੰਘ, ਬਿਕਰਮਜੀਤ ਸਿੰਘ,ਜੋਬਨਜੀਤ ਸਿੰਘ, ਸਾਹਿਬ ਸਿੰਘ, ਅੰਮ੍ਰਿਤਪਾਲ ਸਿੰਘ, ਜਸਕਰਨ ਸਿੰਘ, ਰਾਜਬੀਰ ਸਿੰਘ,ਹਰਜੀਤ ਸਿੰਘ, ਤੋ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸੰਜੀਵ ਗੌਤਮ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜਸਵੀਰ ਸਿੰਘ ਵਪਾਰ ਮੰਡਲ ਪ੍ਰਧਾਨ, ਜਗਜੀਤ ਸਿੰਘ ਜੱਗੀ, ਸੱਮੀ ਬਰਾਰੀ, ਜੱਗਾ ਕਲੇਰ, ਨੀਰਜ ਸ਼ਰਮਾ, ਨਿਤਿਨ ਬਾਸੋਵਾਲ ਹਾਜ਼ਰ ਸਨ।