ਸੀ.ਐਮ. ਦੀ ਯੋਗਸ਼ਾਲਾ ਨਾਲ ਜ਼ਿਲ੍ਹੇ ਦੇ ਵੱਡੀ ਗਿਣਤੀ ਲੋਕਾਂ ਨੂੰ ਰੋਗਾਂ ਤੋਂ ਮਿਲਿਆ ਛੁਟਕਾਰਾ-ਗੀਤਿਕਾ ਸਿੰਘ

ਸ੍ਰੀ ਫਤਿਹਗੜ੍ਹ ਸਾਹਿਬ, 4 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ ) : ਯੋਗਾ ਇੱਕ ਪੁਰਾਤਨ ਵਿਧੀ ਹੈ ਜੋ ਕਿ ਸਾਡੇ ਦੇਸ਼ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਹੈ। ਅੱਜ ਦੇ ਇਸ ਭੱਜ ਦੌੜ ਦੇ ਯੁੱਗ ਵਿੱਚ ਜਦੋਂ ਕਿ ਹਰੇਕ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜ੍ਹਤ ਹੈ ਤਾਂ ਯੋਗਾ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਜੁੜ ਕੇ ਅਸੀਂ ਨਿਰੋਗ ਤੇ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਾਂ।  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ ਨੇ ਜ਼ਿਲ੍ਹੇ ਅੰਦਰ ਚੱਲ ਰਹੀਆਂ ਯੋਗਾ ਕਲਾਸਾਂ ਬਾਰੇ ਗੱਲਬਾਤ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਬਣਾਉਣ ਦੇ ਮੰਤਵ ਨਾਲ ਚਲਾਏ ਜਾ ਰਹੇ "ਸੀ.ਐਮ. ਦੀ ਯੋਗਸ਼ਾਲਾ" ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ `ਤੇ  ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ.। ਹੁਣ ਤੱਕ ਯੋਗ ਦੇ 23 ਮਾਹਰ ਟਰੇਨਰਾਂ ਨੇ 3251 ਨਾਗਰਿਕਾਂ ਨੂੰ ਯੋਗਾ ਦੀ ਮੁਫਤ ਸਿਖਲਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਯੋਗ ਦੀਆਂ ਕਲਾਸਾਂ ਲੈਣ ਲਈ 25 ਨਾਗਰਿਕਾਂ ਦਾ ਇੱਕ ਸਮੂਹ ਹੋਣਾ ਚਾਹੀਦਾ ਹੈ ਅਤੇ ਇਸ ਪ੍ਰੋਗਰਾਮ ਨਾਲ ਜੁੜਨ ਲਈ ਟੈਲੀਫੋਨ ਨੰ:: 76694-00500 ਤੇ ਮਿਸਡ ਕਾਲ ਦੇ ਕੇ ਇਸ ਦਾ ਲਾਭ ਲਿਆ ਜਾ ਸਕਦਾ ਹੈ।  ਏ.ਡੀ.ਸੀ. ਗੀਤਿਕਾ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੀ.ਐਮ. ਦੀ ਯੋਗਸ਼ਾਲਾ ਦੇ ਸੁਪਰਵਾਈਜ਼ਰ ਪ੍ਰਤਿਮਾ ਡਾਬਰ ਦੀ ਅਗਵਾਈ ਹੇਠ ਸਰਹਿੰਦ ਵਿਖੇ ਗੁਰਸ਼ਬਦ ਸਿੰਘ, ਨਿੰਦੀਆਂ ਸ਼ਰਮਾ, ਰਮਨਜੋਤ ਕੌਰ, ਨੇਹਾ ਮੌਰਿਆ ਤੇ ਅਖਿਲੇਸ਼ ਕੁਮਾਰ ਸਮੇਤ ਵੱਖ-ਵੱਖ ਟਰੇਨਰਾਂ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਯੋਗਾ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਯੋਗ ਦੀ ਸਿਖਲਾਈ ਹਾਸਲ ਕਰਕੇ ਕਈ ਨਾਗਰਿਕ ਸਿਹਤਮੰਦ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਯੋਗਾ ਨਾਲ ਕਈ ਗੰਭੀਰ ਬਿਮਾਰੀਆਂ ਜਿਵੇਂ ਕਿ ਸਰਵਾਈਕਲ, ਪਿੱਠ ਦਾ  ਦਰਦ, ਥਾਈਰਾਈਡ, ਬਲੱਡ ਪ੍ਰੈਸ਼ਰ, ਸ਼ੂਗਰ, ਐਸੀਡਿਟੀ, ਮੋਟਾਪਾ, ਮਾਈਗ੍ਰੇਨ, ਡਿਪਰੈਸ਼ਨ ਅਤੇ ਫੋਬੀਆ ਵਰਗੀਆਂ ਬਿਮਾਰੀਆਂ ਤੋਂ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਲਈ ਸਮੂਹ ਨਾਗਰਿਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਸਬੰਧੀ ਡੀ.ਡੀ.ਐਫ. ਇਕਰਾਮ ਖਾਨ ਨੇ ਦੱਸਿਆ ਕਿ ਜਿਹੜੇ ਨਾਗਰਿਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਟੋਲ ਫ੍ਰੀ ਨੰਬਰ 76694-00500 ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਸੀ.ਐਮ.ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ਤੇ ਲੋਗਿਇੰਨ ਕਰ ਸਕਦੇ ਹਨ। ਜੇਕਰ ਕਿਸੇ ਕਾਰਨ ਤੋਂ ਨਾਗਰਿਕ ਪੰਜੀਕਰਨ ਕਰਨ ਵਿੱਚ ਅਸਮਰਥ ਹੈ ਤਾਂ ਉਹ ਰਾਜ ਸਰਕਾਰ ਦੇ ਹੈਲਪ ਲਾਈਨ ਨੰਬਰ 1100 ਤੇ ਸੰਪਰਕ ਕਰ ਸਕਦੇ ਹਨ ਜਾਂ cmdiyogshala@punjb.gov.in ਤੇ ਈਮੇਲ ਭੇਜ ਸਕਦੇ ਹਨ।