ਮੁੱਖ ਮੰਤਰੀ ਨੇ ਪਾਕਿਸਤਾਨੀ ਡਰੋਨ ਹਮਲੇ ਦੇ ਪੀੜਤ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਕੀਤਾ ਐਲਾਨ

  • ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਵੀ 2 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ
  • ਫਿਰੋਜ਼ਪੁਰ ਦੇ ਡਰੋਨ ਹਮਲੇ ਦੀ ਪੀੜਤਾਂ ਨੇ ਮੰਗਲਵਾਰ ਸਵੇਰੇ ਡੀ.ਐਮ.ਸੀ.ਐਚ ਵਿਖੇ ਦਮ ਤੋੜ ਦਿੱਤਾ

ਲੁਧਿਆਣਾ, 13 ਮਈ, 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਸਵੇਰੇ ਫਿਰੋਜ਼ਪੁਰ ਦੇ ਖਾਈ ਕੇ ਪਿੰਡ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਦੇ ਪਰਿਵਾਰ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਜਿਸ ਦੀ ਪਾਕਿਸਤਾਨੀ ਡਰੋਨ ਹਮਲੇ ਵਿੱਚ ਗੰਭੀਰ ਸੱਟਾਂ ਲੱਗਣ ਕਰਕੇ ਮੰਗਲਵਾਰ ਨੂੰ ਮੌਤ ਹੋ ਗਈ। ਮੁੱਖ ਮੰਤਰੀ ਨੇ ਸੁਖਵਿੰਦਰ ਕੌਰ ਦੇ ਦੁਖਦਾਈ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸਾਡੀ ਸਰਕਾਰ ਇਸ ਭਿਆਨਕ ਦਰਦ ਦੇ ਸਮੇਂ ਦੌਰਾਨ ਉਸਦੇ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਅਸੀਂ ਇਸ ਭਿਆਨਕ ਨੁਕਸਾਨ ਨਾਲ ਨਜਿੱਠਣ ਵਿੱਚ ਉਨ੍ਹਾਂ ਦੀ ਮੱਦਦ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਵੀ ਇਸ ਮੁਸ਼ਕਲ ਸਮੇਂ ਵਿੱਚ ਸੁਖਵਿੰਦਰ ਕੌਰ ਦੇ ਪਰਿਵਾਰ ਦੀ ਵਿੱਤੀ ਸਹਾਇਤਾ ਲਈ 2 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ।  ਹਮਲੇ ਤੋਂ ਬਾਅਦ ਸੁਖਵਿੰਦਰ ਕੌਰ, ਉਸਦੇ ਪਤੀ ਲਖਵਿੰਦਰ ਸਿੰਘ ਦੇ ਨਾਲ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ) ਵਿੱਚ ਇਲਾਜ ਅਧੀਨ ਸੀ। ਸੁਖਵਿੰਦਰ ਕੌਰ ਨੂੰ ਅੱਗ ਨਾਲ ਝੁਲਸਣ ਕਾਰਨ ਜਖਮ ਹੋਏ ਸਨ ਅਤੇ ਘਟਨਾ ਤੋਂ ਬਾਅਦ ਉਸਦੀ ਹਾਲਤ ਗੰਭੀਰ ਬਣੀ ਹੋਈ ਸੀ। ਡਾਕਟਰੀ ਯਤਨਾਂ ਦੇ ਬਾਵਜੂਦ ਮੰਗਲਵਾਰ ਸਵੇਰੇ ਸੁਖਵਿੰਦਰ ਕੌਰ ਅੱਗ ਨਾਲ ਝੁਲਸਣ ਕਰਕੇ ਉਹ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਗਈ। ਲਖਵਿੰਦਰ ਸਿੰਘ ਜਿਸਨੂੰ ਵੀ ਸੜਨ ਦਾ ਸਾਹਮਣਾ ਕਰਨਾ ਪਿਆ ਹੈ ਦਾ ਇਲਾਜ ਜਾਰੀ ਹੈ।