- ਬੀ.ਡੀ.ਪੀ.ਓ ਦਫਤਰ ਵਿਖੇ ਕੋਟਕਪੂਰਾ ਦੇ ਰੁਕੇ ਹੋਏ ਕੰਮਾਂ ਦਾ ਲਿਆ ਜਾਇਜ਼ਾ
- ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ, ਮੌਕੇ ਤੇ ਕੀਤਾ ਹੱਲ
ਕੋਟਕਪੂਰਾ 23 ਅਕਤੂਬਰ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਜਿੱਥੇ ਕੋਟਕਪੂਰਾ ਸ਼ਹਿਰ ਦੀ ਸਫਾਈ ਸਬੰਧੀ ਨਗਰ ਕੌਂਸਲ ਦੇ ਨੁਮਾਇੰਦਿਆ ਨਾਲ ਚਰਚਾ ਕੀਤੀ, ਉੱਥੇ ਨਾਲ ਹੀ ਆਮ ਜਨਤਾ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੀ ਵੀ ਸੁਣਵਾਈ ਕੀਤੀ। ਆਪਣੇ ਜ਼ਰੂਰੀ ਰਝੇਵਿਆਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਸ. ਸੰਧਵਾਂ ਉਚੇਚੇ ਤੌਰ ਤੇ ਬੀ.ਡੀ.ਪੀ.ਓ ਦਫਤਰ ਕੋਟਕਪੂਰਾ ਪਹੁੰਚੇ ਜਿੱਥੇ ਉਨ੍ਹਾਂ ਅਨੇਕਾ ਹੀ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਫੌਰੀ ਸਬੰਧਤ ਮਹਿਕਮੇ ਦੇ ਕਰਮਚਾਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਟੈਲੀਫੋਨ ਕਰਕੇ ਢੁੱਕਵੇਂ ਹੱਲ ਕੀਤੇ ਗਏ। ਅੱਜ ਹੋਰ ਕਈ ਮਸਲਿਆਂ ਤੋਂ ਇਲਾਵਾ ਸਪੀਕਰ ਸੰਧਵਾਂ ਨੇ ਮੁੱਖ ਤੌਰ ਤੇ ਵੱਖ ਵੱਖ ਜਿਲ੍ਹਿਆ ਦੇ ਡੀ.ਸੀ. ਅਤੇ ਐਸ.ਐਸ.ਪੀ. ਪੱਧਰ ਦੀਆਂ ਸਮੱਸਿਆਵਾਂ ਹੱਲ ਕਰਨ ਤੋਂ ਇਲਾਵਾ ਕੋਟਕਪੂਰਾ ਸ਼ਹਿਰ ਦੀ ਮੇਨ ਰੋਡ ਤੇ ਲਗਾਏ ਜਾ ਰਹੇ ਕੂੜੇ ਦੇ ਡੰਪ, ਕੁਝ ਮੁਹੱਲਿਆ ਵਿੱਚ ਗਲੀਆਂ ਨਾਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ, ਸਟਰੀਟ ਲਾਈਟਾਂ, ਸਫਾਈ ਜਿਹੇ ਮਸਲਿਆਂ ਦੀ ਸੁਣਵਾਈ ਕੀਤੀ। ਉਨ੍ਹਾਂ ਅੱਜ ਦੀ ਲੋਕ ਮਿਲਣੀ ਦੌਰਾਨ ਸ਼ਿਕਾਇਤਕਰਤਾਵਾਂ ਦੀ ਗੱਲ ਸੁਣ ਕੇ ਤੁਰੰਤ ਸਬੰਧਤ ਅਧਿਕਾਰੀ ਨੂੰ ਫੋਨ ਕੀਤਾ ਅਤੇ ਦਰਖਾਸਤਕਰਤਾਵਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਤੇ ਕਰਨ ਦੇ ਹੁਕਮ ਜਾਰੀ ਕੀਤੇ। ਸਪੀਕਰ ਸੰਧਵਾਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਦੁਸ਼ਹਿਰੇ ਦਾ ਤਿਉਹਾਰ ਉਹ ਸਫਾਈ ਸੇਵਕਾਂ ਨਾਲ ਮਨਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਾਰਡ ਜਿਸ ਦੀ ਸਭ ਤੋਂ ਜਿਆਦਾ ਸਫਾਈ ਹੋਵੇਗੀ, ਉਸ ਵਾਰਡ ਦੇ ਕਰਮਚਾਰੀਆਂ ਨੂੰ ਪੰਜਾਹ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ ਅਤੇ ਸਮੂਹ ਸਫਾਈ ਸੇਵਕਾਂ ਨੂੰ ਚਾਹ-ਪਾਰਟੀ ਦੇ ਲਈ ਮਿਤੀ 24 ਅਕਤੂਬਰ ਨੂੰ ਸਵੇਰੇ 11 ਵਜੇ ਉਨ੍ਹਾਂ ਦੀ ਰਿਹਾਇਸ਼ ਤੇ ਆਉਣ ਲਈ ਵੀ ਸੱਦਾ ਦਿੱਤਾ ਗਿਆ ਹੈ।