ਬਠਿੰਡਾ, 14 ਮਈ : ਸੀਆਈਏ ਸਟਾਫ਼ ਵਨ ਨੇ ਹਰਪਾਲ ਨਗਰ ਦੀ ਗਲੀ ਨੰਬਰ 7 ਵਿੱਚ ਸਥਿਤ ਇੱਕ ਖਾਲੀ ਪਲਾਟ ਦੇ ਬਾਹਰੋਂ 24 ਸਾਲਾ ਨੌਜਵਾਨ ਰਾਹੁਲ ਕੁਮਾਰ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪਰਸਰਾਮ ਨਗਰ ਦੇ ਰਹਿਣ ਵਾਲੇ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਛਮਣ ਉਰਫ਼ ਲੱਛਾ ਅਤੇ ਉਸ ਦੇ ਲੜਕੇ ਲਾਲੂ ਕੁਮਾਰ ਉਰਫ਼ ਰਾਹੁਲ ਵਾਸੀ ਗਲੀ ਨੰਬਰ 1, ਪਰਸਰਾਮ ਨਗਰ ਦੇ ਤੌਰ ਤੇ ਕੀਤੀ ਗਈ ਹੈ।ਇਸ ਮਾਮਲੇ ਦੀ ਪੜਤਾਲ ਦੌਰਾਨ ਸਨਸਨੀਖੇਜ਼ ਖੁਲਾਸਾ ਹੋਇਆ ਕਿ ਪਿਓ-ਪੁੱਤ ਨੇ ਸਤੰਬਰ 2022 'ਚ ਆਪਣੀ ਹੀ ਧੀ ਗਲਾ ਘੁੱਟ ਕੇ ਮਾਰ ਦਿੱਤੀ ਅਤੇ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕਾ ਕੇ ਖੁਦਕੁਸ਼ੀ ਦਾ ਰੂਪ ਦੇ ਦਿੱਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਉਸ ਸਮੇਂ ਪੁਲਿਸ ਨੂੰ ਝੂਠੇ ਬਿਆਨ ਵੀ ਦਿੱਤੇ ਸਨ। ਪਿਓ-ਪੁੱਤ ਲਗਾਤਾਰ 7 ਮੀਂਹ ਨੇ ਆਪਣੀ ਧੀ ਨੂੰ ਕਤਲ ਕਰ ਦੇਣ ਦਾ ਰਾਜ਼ ਛੁਪਾਉਂਦੇ ਰਹੇ ਪਰ ਅੰਤ ਨੂੰ ਇਹ ਭੇਤ ਜੱਗ ਜਾਹਿਰ ਹੋ ਹੀ ਗਿਆ। ਹੁਣ ਪਿਓ-ਪੁੱਤ ਦੀ ਜੋੜੀ ਉਸ ਦੇ ਕਬਜ਼ੇ ਵਿੱਚ ਹੈ ਜਿਨ੍ਹਾਂ ਤੋਂ ਹੁਣ ਸਾਰਾ ਭੇਤ ਖੋਲਿਆ ਜਾਣਾ ਹੈ। ਮਾਮਲੇ ਦਾ ਰੌਚਿਕ ਪਹਿਲੂ ਇਹ ਵੀ ਹੈ ਕਿ ਆਪਣੀ ਧੀ ਦੇ ਕਤਲ ਵਾਂਗ ਇਸ ਵਾਰ ਵੀ ਦੋਸ਼ੀ ਪਿਓ-ਪੁੱਤ ਨੇ ਨੌਜਵਾਨ ਰਾਹੁਲ ਦੇ ਕਤਲ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਆਪਣੀਆਂ ਹੀ ਗ਼ਲ੍ਹਤੀਆਂ ਕਾਰਨ ਪੁਲਸ ਦੇ ਹੱਥ ਚੜ੍ਹ ਗਏ। ਇਨ੍ਹਾਂ ਵਿੱਚ ਮਿ੍ਤਕ ਦਾ ਮੋਬਾਇਲ ਫੋਨ ਆਪਣੇ ਕੋਲ ਰੱਖਣ ਤੋਂ ਇਲਾਵਾ ਕਤਲ ਕਰਨ ਤੋਂ ਬਾਅਦ ਪੁੱਠੀ ਜੁੱਤੀ ਪਾਉਣੀ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਨਿਸ਼ਾਨ ਮਿਲੇ ਸਨ ਜਿਨ੍ਹਾਂ ਤੋਂ ਸਪੱਸ਼ਟ ਹੋ ਰਿਹਾ ਸੀ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀ ਪਿਓ-ਪੁੱਤ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਮ੍ਰਿਤਕ ਨੌਜਵਾਨ ਦਾ ਮੋਬਾਇਲ ਬਰਾਮਦ ਕਰ ਲਿਆ ਹੈ। ਸੀ.ਆਈ.ਏ ਸਟਾਫ ਵਨ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਰਾਹੁਲ ਦਾ ਕਤਲ ਕਰਨ ਵਾਲੇ ਵਿਅਕਤੀ ਆਪਣੀ ਲੜਕੀ ਦਾ ਵਿਆਹ ਮ੍ਰਿਤਕ ਦੇ ਦੋਸਤ ਨਾਲ ਕਰਵਾਉਣ ਦੇ ਖਿਲਾਫ ਸਨ ਜਿਸ ਨੂੰ ਲੈ ਕੇ ਉਨ੍ਹਾਂ ਦੀ ਮ੍ਰਿਤਕ ਨਾਲ ਰੰਜਿਸ਼ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਨੇ ਲੰਘੀ 11 ਮਈ ਦੀ ਰਾਤ ਨੂੰ ਰਾਹੁਲ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਜਿਸ ਨੂੰ ਹਾਦਸੇ ਦਾ ਰੂਪ ਦੇਣ ਹਰਪਾਲ ਨਗਰ ਨੇੜੇ ਮੋਟਰਸਾਈਕਲ ਸਮੇਤ ਲਾਸ਼ ਨੂੰ ਸੁੱਟ ਦਿੱਤਾ। ਦੱਸਣਯੋਗ ਹੈ ਕਿ ਚੰਦਸਰ ਬਸਤੀ ਬਠਿੰਡਾ ਦੇ ਰਾਹੁਲ ਕੁਮਾਰ ਦਾ 11 ਮਈ ਦੀ ਰਾਤ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ 12 ਮਈ ਦੀ ਸਵੇਰ ਨੂੰ ਹਰਪਾਲ ਨਗਰ ਨੇੜੇ ਗਲੀ ਦੇ ਖਾਲੀ ਪਲਾਟ ਕੋਲੋਂ ਮਿਲੀ ਸੀ। ਮਾਮਲੇ 'ਚ ਮ੍ਰਿਤਕ ਦੇ ਭਰਾ ਰਿਤੇਸ਼ ਕੁਮਾਰ ਉਰਫ਼ ਗੁੱਲੂ ਵਾਸੀ ਚੰਦਸਰ ਬਸਤੀ ਨੇ ਪੁਲਿਸ ਨੂੰ ਇਸ ਸੰਬੰਧ ਵਿੱਚ ਸ਼ਿਕਾਇਤ ਦਿੱਤੀ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਭਰਾ ਦੇ ਗਲੇ 'ਤੇ ਹਲਕੇ ਕਾਲੇ ਨਿਸ਼ਾਨ ਸਨ, ਜਿਸ ਤੋਂ ਲੱਗਦਾ ਸੀ ਕਿ ਉਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੈ। ਰਾਹੁਲ ਦੀ ਮੌਤ ਸਬੰਧੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਲਛਮਣ ਉਰਫ਼ ਲੱਛਾ ਅਤੇ ਉਸ ਦਾ ਲੜਕਾ ਲਾਲੂ ਕੁਮਾਰ ਵਾਸੀ ਪਰਸਰਾਮ ਨਗਰ ਕੁਊਝ ਸਮਾਂ ਪਹਿਲਾਂ ਉਸ ਦੇ ਗੁਆਂਢੀ ਸਨ। 11 ਮਈ ਦੀ ਸ਼ਾਮ ਨੂੰ ਦੋਵੇਂ ਪਿਓ-ਪੁੱਤਰ ਰਾਹੁਲ ਨੂੰ ਚੰਦਸਰ ਬਸਤੀ ਦੇ ਮੰਦਰ ਨੇੜੇ ਜਾਨੋਂ ਮਾਰਨ ਦੀ ਨੀਅਤ ਨਾਲ ਪਰਸਰਾਮ ਨਗਰ ਗਲੀ ਨੰਬਰ 1 ਬਠਿੰਡਾ ਵਿਖੇ ਕਿਰਾਏ ਦੇ ਮਕਾਨ 'ਚ ਲੈ ਗਏ ਜਿੱਥੇ ਮੁਲਜ਼ਮ ਨੇ ਰਾਹੁਲ ਦਾ ਕੱਪੜੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਦਾ ਕਾਰਨ ਇਹ ਸੀ ਕਿ ਲਛਮਣ ਦੀ ਬੇਟੀ ਪੂਨਮ ਮ੍ਰਿਤਕ ਰਾਹੁਲ ਦੇ ਦੋਸਤ ਈਸ਼ਾਨ ਨਾਲ ਵਿਆਹ ਕਰਨਾ ਚਾਹੁੰਦੀ ਸੀ ਜਿਸ ਦੀ ਮੌਤ ਕਰੀਬ 9 ਮਹੀਨੇ ਪਹਿਲਾਂ ਹੋਈ ਹੈ। ਰਾਹੁਲ ਇਸ ਵਿਆਹ ਲਈ ਈਸ਼ਾਨ ਦੀ ਮਦਦ ਕਰਦਾ ਸੀ। ਮ੍ਰਿਤਕ ਰਾਹੁਲ ਦੀ ਇਸ ਗੱਲ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਲਛਮਣ ਅਤੇ ਉਸ ਦੇ ਪੁੱਤਰ ਲਾਲੂ ਨਾਲ ਲੜਾਈ ਹੋ ਚੁੱਕੀ ਸੀ। ਅੰਤ ਵਿੱਚ ਇਸ ਰੰਜਿਸ਼ ਦਾ ਸਿੱਟਾ ਰਾਹੁਲ ਨੂੰ ਕਤਲ ਕਰਨ ਦੇ ਰੂਪ ਵਿੱਚ ਨਿਕਲਿਆ।