ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਵੇਂ ਤੇ ਕਿੱਥੇ ਹੋਈ : ਬਲਕੌਰ ਸਿੰਘ ਸਿੱਧੂ 

ਮਾਨਸਾ, 22 ਅਕਤੂਬਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਤਕਰੀਬਨ ਡੇਢ ਸਾਲ ਦਾ ਸਮਾਂ ਬੀਤ ਗਿਆ ਹੈ, ਪਰ ਅੱਜ ਵੀ ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲੇ ਉਨ੍ਹਾਂ ਦੇ ਘਰ ਪਿੰਡ ਮੂਸਾ ਵਿਖੇ ਪਹੁੰਚ ਕੇ ਮਾਪਿਆਂ ਨਾਲ ਦੁੱਖ ਸਾਂਝਾਂ ਕਰ ਰਹੇ ਹਨ। ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਉਨ੍ਹਾਂ ਦੇ ਪੁੱਤ ਨੂੰ ਪਿਆਰ – ਸਤਿਕਾਰ ਦੇ ਰਹੇ ਹੋ, ਲਗਾਤਾਰ ਉਸਨੂੰ ਨੂੰ ਸੋਸ਼ਲ ਮੀਡੀਆ ਤੇ ਇਨਸਾਫ ਦਿਵਾਉਣ ਦੀ ਮੰਗ ਕਰਦੇ ਹੋ, ਉਸ ਲਈ ਉਹ ਤੁਹਾਡੇ ਸਾਰਿਆਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਆਪਣੇ ਪੁੱਤ ਤੇ ਤੁਹਾਡੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਇਨਸਾਫ ਦਿਵਾਉਣ ਲਈ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਨ। ਪਰ ਸਰਕਾਰ ਗੈਂਗਸਟਰਾਂ ਦਾ ਸਾਥ ਦੇ ਰਹੀ ਹੈ, ਉਨ੍ਹਾਂ ਕਿਹਾ ਕਿ ਲਾਰੈਂਸ ਬਿਸਨੋਈ ਨੇ ਇੱਕ ਟੀਵੀ ਤੇ ਆਪਣਾ ਕਬੂਲਨਾਮਾ ਕੀਤਾ ਤੇ ਫਿਰ ਵੀ ਸਰਕਾਰ ਚੁੱਪ ਹੈ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ 1 ਅਕਤੂਬਰ ਨੂੰ ਬਹਿਸ ਲਈ ਦੱਸਿਆ ਹੈ, ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨਾਲ ਬਹਿਸ ਨਹੀਂ ਕਰ ਸਕਦਾ, ਪਰ ਤੁਸੀਂ ਉਨ੍ਹਾਂ ਦੀ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਵੇਂ ਤੇ ਕਿੱਥੇ ਹੋਈ। ਉਨ੍ਹਾਂ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਕ੍ਰਾਂਤੀਕਾਰੀ ਦੇ ਅਪਰਾਧਿਕ ਰਿਕਾਰਡਾਂ 'ਤੇ ਪਾਬੰਦੀ ਲਗਾ ਦਿੱਤੀ ਹੈ, ਪਰ ਹੁਣ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਸ ਵਿੱਚ ਉਹ ਮੂਸੇਵਾਲਾ ਦੀ ਹੱਤਿਆ ਅਤੇ ਸਲਮਾਨ ਖਾਨ ਦੇ ਇੱਕ ਹੋਰ ਕਤਲ ਦੀ ਗੱਲ ਕਰ ਰਿਹਾ ਹੈ। ਇਸ ਪ੍ਰਕਾਸ਼ਿਤ ਇੰਟਰਵਿਊ ਨੂੰ ਹਾਲੇ ਤੱਕ ਸੋਸ਼ਲ ਮੀਡੀਆ ਤੋਂ ਕਿਉਂ ਨਹੀਂ ਹਟਾਇਆ ਗਿਆ, ਆਖਿਰ ਸਰਕਾਰ ਦੀ ਕੀ ਮਜਬੂਰੀ ਹੈ? ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਲਈ ਹਰ ਵਾਰ ਅਦਾਲਤ ਵਿਚ ਜਾ ਰਹੇ ਹਨ ਪਰ ਦੋਸ਼ੀ ਆਪਣੀ ਮਰਜ਼ੀ ਨਾਲ ਅਦਾਲਤ ਵਿਚ ਪੇਸ਼ ਹੋ ਰਹੇ ਹਨ। ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਅਦਾਲਤ ਨੂੰ ਛੇਤੀ ਹੀ ਕੇਸ ਦਾ ਨਿਪਟਾਰਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੋਟਾਂ ਨਾ ਪਾਉਣ ਅਤੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੇ ਪੁੱਤ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਉਹ ਸੁੱਖ ਦਾ ਸਾਹ ਨਹੀਂ ਲੈਣਗੇ।