- ਪੰਜਾਬ ਸਰਕਾਰ ਨੇ ਦਹਾਕਿਆਂ ਪੁਰਾਣੀ ਮੰਗ ਕੀਤੀ ਪੂਰੀ
ਫਾਜਿ਼ਲਕਾ, 23 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਦੇ ਇਕ ਵੱਡੇ ਹਿੱਸੇ ਦੇ ਕਿਸਾਨਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਕਰਦਿਆਂ ਛੇਮਾਸੀ ਨਹਿਰਾਂ ਨੂੰ ਬਾਰਾਂਮਾਸੀ ਕਰ ਦਿੱਤਾ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਜਿ਼ਲ੍ਹੇ ਦੇ ਫਾਜਿ਼ਲਕਾ ਤੇ ਜਲਾਲਾਬਾਦ ਇਲਾਕੇ ਦੀਆਂ ਨਹਿਰਾਂ ਸਿਰਫ ਸਾਊਣੀ ਦੀ ਫਸਲ ਦੌਰਾਨ ਕੇਵਲ 6 ਮਹੀਨੇ ਲਈ ਹੀ ਚੱਲਦੀਆਂ ਸਨ ਅਤੇ ਹਾੜ੍ਹੀ ਦੀ ਰੱੁਤੇ ਇਹ ਨਹਿਰਾਂ ਨਹੀਂ ਚਲਦੀਆਂ ਸਨ।ਪਰ ਹੁਣ ਆਗਾਮੀ ਹਾੜ੍ਹੀ ਲਈ ਵੀ ਇਹ ਨਹਿਰਾਂ ਚੱਲਣਗੀਆਂ ਸਗੋਂ ਸਰਕਾਰ ਦਾ ਇਹ ਫੈਸਲਾ ਸਦਾ ਲਈ ਲਾਗੂ ਹੋ ਗਿਆ ਹੈ। ਇਸ ਸਬੰਧੀ ਜਲ ਸਰੋਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਫਿਰੋਜਪੁਰ ਨਹਿਰ ਹਲਕੇ ਅਧੀਨ ਪੈਂਦੀਆਂ ਸਾਰੀਆਂ ਛੇ ਮਾਸਹ ਨਹਿਰਾਂ ਨੂੰ ਬਾਰਾਂ ਮਾਸੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।ਇਸ ਲਈ ਹਰੀਕੇ ਨਹਿਰ ਮੰਡਲ, ਫਾਜਿ਼ਲਕਾ ਨਹਿਰ ਅਤੇ ਗਰਾਊਂਡ ਮੰਡਲ ਅਧੀਨ ਪੈਂਦੀਆਂ ਛੇਮਾਸੀ ਨਹਿਰਾਂ ਨੂੰ ਬਾਰਾਂ ਮਾਸੀ ਕਰਦਿਆਂ ਹੋਇਆਂ ਇੰਨ੍ਹਾਂ ਨੂੰ ਹਾੜ੍ਹੀ ਦੇ ਸੀਜਨ ਦੌਰਾਨ ਵੀ ਚਲਾਇਆ ਜਾਵੇਗਾ ਅਤੇ ਇਹ ਹੁਕਮ ਭਵਿੱਖ ਵਿਚ ਵੀ ਲਾਗੂ ਰਹਿਣਗੇ। ਇਸ ਸਬੰਧੀ ਨਿਗਰਾਨ ਇੰਜਨੀਅਰ ਜਲ ਸਰੋਤ ਵਿਭਾਗ ਸ੍ਰੀ ਉਰਮਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਗਾਮੀ ਫਸਲ ਦੀ ਵਿਊਂਦਬੰਦੀ ਇਸੇ ਅਨੁਸਾਰ ਕਰਨ ਅਤੇ ਹਾੜ੍ਹੀ ਸੀਜਨ ਦੌਰਾਨ ਖਾਲਿ੍ਹਆਂ ਨੂੰ ਢਾਹਿਆ ਨਾ ਜਾਵੇ ਅਤੇ ਇੰਨ੍ਹਾਂ ਨੂੰ ਚਾਲੂ ਹਾਲਤ ਵਿਚ ਹੀ ਰੱਖਿਆ ਜਾਵੇ। ਇਸੇ ਤਰਾਂ ਫਸਲਾਂ ਦੀ ਬਿਜਾਈ/ਆਬਪਾਸੀ ਲਈ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇ।
ਧਰਤੀ ਹੇਠਲੇ ਪਾਣੀ ਦੀ ਹੋਵੇਗੀ ਬੱਚਤ
ਇਸ ਇਲਾਕੇ ਵਿਚ ਪਹਿਲਾਂ ਹਾੜ੍ਹੀ ਦੀ ਫਸਲ ਲਈ ਕਿਸਾਨ ਪੂਰੀ ਤਰਾਂ ਧਰਤੀ ਹੇਠਲੇ ਪਾਣੀ ਦੇ ਨਿਰਭਰ ਸਨ ਅਤੇ ਜਿੰਨ੍ਹਾਂ ਕਿਸਾਨਾਂ ਦੇ ਟਿਊਬਵੇਲ ਨਹੀਂ ਸਨ ਉਨ੍ਹਾਂ ਨੂੰ ਵੀ ਬਹੁਤ ਪਰੇਸਾਨੀ ਹੁੰਦੀ ਸੀ। ਪਰ ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ ਉਥੇ ਹੀ ਸਾਰੇ ਕਿਸਾਨਾਂ ਖਾਸ ਕਰਕੇ ਉਨ੍ਹਾਂ ਕਿਸਾਨਾਂ ਨੂੰ ਵੀ ਲਾਭ ਹੋਵੇਗਾ ਜਿੰਨ੍ਹਾਂ ਕੋਲ ਆਪਣੇ ਟਿਊਬਵੈਲ ਦੀ ਸਹੁਲਤ ਨਹੀਂ ਸੀ।ਇਸ ਤੋਂ ਬਿਨ੍ਹਾਂ ਨਹਿਰੀ ਪਾਣੀ ਨਾਲ ਫਸਲ ਵੀ ਚੰਗੀ ਹੁੰਦੀ ਹੈ।
ਸਾਊਣੀ ਲਈ ਵੀ ਨਹਿਰਾਂ ਰਾਹੀਂ ਮਿਲਿਆਂ ਸੀ ਕਿਸਾਨਾਂ ਨੂੰ ਪਾਣੀ
ਇਸਤੋਂ ਪਹਿਲਾਂ ਨਰਮੇ ਅਤੇ ਝੋਨੇ ਦੀ ਕਾਸਤ ਲਈ ਵੀ ਕਿਸਾਨਾਂ ਨੂੰ ਨਹਿਰਾਂ ਰਾਹੀਂ ਪਾਣੀ ਮਿਲਿਆ ਸੀ ਜਿਸ ਨਾਲ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਮਿਲਿਆ ਹੈ। ਕਿਸਾਨ ਇਸ ਲਈ ਲਗਾਤਾਰ ਸਰਕਾਰ ਦਾ ਧੰਨਵਾਦ ਕਰਦੇ ਰਹੇ ਹਨ।