- ਡੀ.ਸੀ.ਫਰੀਦਕੋਟ ਨੇ ਨਿਰੀਖਣ ਦੇ ਜਾਰੀ ਕੀਤੇ ਸਨ ਹੁਕਮ
ਫਰੀਦਕੋਟ 26 ਜੂਨ : ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮੈਡਮ ਵੰਦਨਾ ਕੁਮਾਰੀ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿਲ੍ਹੇ ਵਿੱਚ ਦਾਲਾਂ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਵੱਖ ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਕਿਸੇ ਵੀ ਦੁਕਾਨ ਤੇ ਦਾਲਾਂ ਦੀ ਲੋੜ ਤੋਂ ਵੱਧ ਮਾਤਰਾ ਨਹੀਂ ਪਾਈ ਗਈ। ਜਿਕਰਯੋਗ ਹੈ ਕਿ ਫੂਡ ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰ ਪੰਜਾਬ, ਚੰਡੀਗੜ੍ਹ ਤੋਂ ਜਾਰੀ ਪੱਤਰ ਦਾ ਹਵਾਲਾ ਦਿੰਦਿਆ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਹੁਕਮ ਜਾਰੀ ਕੀਤੇ ਗਏ ਸਨ। ਹੁਕਮਾਂ ਅਨੁਸਾਰ ਜਿਲ੍ਹੇ ਵਿੱਚ ਕਿਸੇ ਵੀ ਥਾਂ ਤੇ ਦਾਲਾਂ ਦੀ ਜਮ੍ਹਾਂਖੋਰੀ, ਖਾਸ ਤੌਰ ਤੇ ਤੁਰ ਅਤੇ ਉਰਦ ਦਾਲ ਨੂੰ ਚੈੱਕ ਕੀਤਾ ਜਾਵੇ ਅਤੇ ਇਸ ਗੈਰ-ਕਾਨੂੰਨੀ ਧੰਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਿਸ ਤੇ ਕਾਰਵਾਈ ਕਰਦਿਆਂ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵੱਲੋਂ 4 ਵੱਖ ਵੱਖ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਅਤੇ ਦਾਲਾਂ ਦਾ ਸਟੋਕ ਸਹੀ ਮਾਤਰਾ ਵਿੱਚ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਖਪਤਕਾਰਾਂ ਨੂੰ ਮਹਿੰਗੇ ਮੁੱਲ ਦੀਆਂ ਦਾਲਾਂ ਵੇਚਣ ਵਾਲਿਆਂ ਦੀ ਲੁੱਟ ਖਸੁੱਟ ਤੋਂ ਬਚਾਉਣ ਲਈ ਇਹ ਚੈਕਿੰਗ ਅੱਗੇ ਵੀ ਜਾਰੀ ਰਹੇਗੀ।