ਲੁਧਿਆਣਾ, 22 ਜੁਲਾਈ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸ ਮੈਗਜ਼ੀਨ ਦਾ 33ਵਾਂ ਜੁਲਾਈ-ਸਤੰਬਰ ਕੈਨੇਡਾ ਭਾਗ-2 ਵਿਸ਼ੇਸ਼ ਅੰਕ ਲੋਕ ਅਰਪਣ ਡਾ. ਸੁਰਜੀਤ ਪਾਤਰ ਤੇ ਸਾਥੀਆਂ ਵੱਲੋਂ ਲੋਕ ਅਰਪਨ ਕੀਤਾ ਗਿਆ। ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਡਾ. ਸ. ਪ. ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਦੀ ਸੁਯੋਗ ਅਗਵਾਈ ਵਿਚ ਇਸ ਲੋਕ ਅਰਪਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਉੱਘੇ ਸ਼ਾਇਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਵਲੋਂ ਕੀਤੀ ਗਈ। ਪ੍ਰੋ. ਗੁਰਭਜਨ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਅਤੇ ਕੈਨੇਡਾ ਵੱਸਦੇ ਸ਼ਾਇਰ ਜਗਜੀਤ ਸੰਧੂ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਰੰਭ ਵਿਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਪਰਵਾਸ ਮੈਗਜ਼ੀਨ ਵਲੋਂ ਪਰਵਾਸੀ ਲੇਖਕਾਂ ਦੇ ਜੀਵਨ ਬਿਓਰੇ ਅਤੇ ਸਾਹਿਤਕ ਦੇਣ ਨੂੰ ਪ੍ਰਕਾਸ਼ਿਤ ਕਰਨ ਹਿੱਤ ਵਿਸ਼ੇਸ਼ ਅੰਕ ਲੜੀ ਆਰੰਭ ਕੀਤੀ ਗਈ ਸੀ ਅਤੇ ਹੁਣ ਤੱਕ ਆਸਟਰੇਲੀਆ, ਅਮਰੀਕਾ, ਇੰਗਲੈਂਡ, ਯੂਰਪ, ਕੈਨੇਡਾ ਭਾਗ-1 ਅਤੇ ਹੁਣ ਕੈਨੇਡਾ ਭਾਗ-2 ਪ੍ਰਕਾਸ਼ਿਤ ਕੀਤੇ ਗਏ ਹਨ ਅਤੇ ਕੁਲ ਮਿਲਾ ਕੇ ਹੁਣ ਤੱਕ ਇਨ੍ਹਾਂ ਖਿੱਤਿਆਂ ਵਿਚ ਵੱਸਦੇ 800 ਦੇ ਕਰੀਬ ਲੇਖਕਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਡਾਕਟਰ ਸੁਰਜੀਤ ਪਾਤਰ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਪਰਵਾਸ ਦੇ ਦੁੱਖਦ-ਸੁੱਖਦ ਅਹਿਸਾਸਾਂ ਬਾਰੇ ਅਤੇ ਅਜੋਕੇ ਪੰਜਾਬੀ ਪਰਵਾਸ ਦੇ ਸਰੋਕਾਰਾਂ ਬਾਰੇ ਚਰਚਾ ਕੀਤੀ। ਉਹਨਾਂ ਨੇ ਪਰਵਾਸ ਨਾਲ ਸਬੰਧਿਤ ਆਪਣੀਆਂ ਖੂਬਸੂਰਤ ਨਜ਼ਮਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪ੍ਰੋ. ਗੁਰਭਜਨ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਅਤੇ ਪਰਵਾਸ ਮੈਗਜ਼ੀਨ ਦੇ ਮੁੱਖ ਸਲਾਹਕਾਰ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਪਰਵਾਸ ਮੈਗਜ਼ੀਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਮੈਗਜ਼ੀਨ ਨੇ ਵਿਸ਼ਵ ਭਰ ਵਿਚ ਆਪਣੀ ਅਲੱਗ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਜਲਦ ਅਰਬ ਦੇਸ਼ਾਂ, ਜਪਾਨ, ਸਿੰਗਾਪੁਰ, ਕੀਨੀਆ, ਥਾਈਲੈਂਡ ਵਿਚ ਵੱਸਦੇ ਲੇਖਕਾਂ ਬਾਰੇ ਜਾਣਕਾਰੀ ਹਾਸਿਲ ਕਰਕੇ ਪਰਵਾਸੀ ਲੇਖਕ ਸੰਦਰਭ ਕੋਸ਼ ਤਿਆਰ ਕੀਤਾ ਜਾਵੇਗਾ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਪਰਵਾਸ ਦੇ ਇਸ ਅੰਕ ਬਾਰੇ ਸਰੋਤਿਆਂ ਨੂੰ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪਰਵਾਸ ਦੇ ਇਸ 33ਵੇਂ ਅੰਕ ਵਿਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਸਕੈਚਵੇਨ ਅਤੇ ਮੈਨੀਟੋਬਾ ਵੱਸਦੇ 250 ਦੇ ਕਰੀਬ ਪੰਜਾਬੀ ਲੇਖਕਾਂ ਦਾ ਜੀਵਨ ਬਿਓਰਾ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਕੈਨੇਡਾ ਵਿਚ ਕਾਰਜਸ਼ੀਲ ਸਾਹਿਤ ਸਭਾਵਾਂ ਉਨ੍ਹਾਂ ਦੀ ਸਥਾਪਨਾ, ਉਦੇਸ਼ ਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਕੈਨੇਡਾ ਦੇ ਧਾਰਮਿਕ ਸਾਹਿਤ, ਕੈਨੇਡਾ ਦੀ ਮੁੱਢਲੇ ਦੌਰ ਦੀ ਪੱਤਰਕਾਰੀ ਬਾਰੇ ਮੁੱਲਵਾਨ ਜਾਣਕਾਰੀ ਹੈ। ਕੈਨੇਡਾ ਤੋਂ ਲੇਖਕ ਜਗਜੀਤ ਸੰਧੂ ਨੇ ਇਸ ਮੌਕੇ ਆਪਣਾ ਸਿਰਜਣਾ ਸਫ਼ਰ ਸ੍ਰੋਤਿਆਂ ਨਾਲ ਸਾਂਝਾ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਭਨਾਂ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ ਅਤੇ ਕੈਨੇਡਾ ਸਮੇਤ ਵਿਸ਼ਵ ਭਰ ਵਿਚ ਵੱਸਦੇ ਲੇਖਕਾਂ ਵਿਸ਼ੇਸ਼ ਕਰਕੇ ਨਵੇਂ ਲੇਖਕਾਂ ਨੂੰ ਪਾਠਕਾਂ ਸਨਮੁੱਖ ਕਰਨ ਵਿਚ ਪਰਵਾਸੀ ਸਾਹਿਤ ਅਧਿਐਨ ਕੇਂਦਰ ਦਾ ਵੱਡਾ ਰੋਲ ਹੈ। ਇਸ ਮੌਕੇ ਹਰਸ਼ਰਨ ਸਿੰਘ ਨਰੂਲਾ ਆਨਰੇਰੀ ਸਕੱਤਰ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਕੌਂਸਲ ਦੇ ਮੈਂਬਰ ਸ. ਹਰਦੀਪ ਸਿੰਘ , ਇਸ਼ਮੀਤ ਅਕੈਡਮੀ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ,ਪ੍ਰੋ. ਮਨਜੀਤ ਸਿੰਘ ਡਾਇਰੈਕਟਰ ਜੀ. ਜੀ. ਐਨ. ਆਈ. ਐਮ. ਟੀ., ਸ਼ਾਇਰ ਤ੍ਰੈਲੋਚਨ ਲੋਚੀ, ਗੁਰਚਰਨ ਕੌਰ ਕੌਚਰ , ਡਾ. ਗੁਰਪ੍ਰੀਤ ਸਿੰਘ, ਡਾ. ਦਲੀਪ ਸਿੰਘ, ਡਾ. ਸੁਸ਼ਮਿੰਦਰਜੀਤ ਕੌਰ, ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ, ਡਾ. ਮਨਦੀਪ ਕੌਰ ਰੰਧਾਵਾ ਤੇ ਰਾਜਿੰਦਰ ਸਿੰਘ ਸੰਧੂ ਤੋਂ ਇਲਾਵਾ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਰਹੇ।