ਪਟਿਆਲਾ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜੋੜ ਮੇਲ ਅਤੇ ਪੰਚਮੀ ਦੇ ਦਿਹਾੜੇ ’ਤੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ। ਇਸ ਮੌਕੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਦੀਵਾਨ ਹਾਲ ਵਿਖੇ ਆਯੋਜਿਤ ਗੁਰਮਤਿ ਸਮਾਗਮ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਗਿਆਨੀ ਫੂਲਾ ਸਿੰਘ ਨੇ ਮੁੱਖਵਾਕ ਲਿਆ ਅਤੇ ਹਜ਼ੂਰੀ ਰਾਗੀ ਭਾਈ ਭਗਵੰਤ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਪੰਚਮੀ ਦੇ ਦਿਹਾੜੇ ਮੌਕੇ ਤੜਕਸਵੇਰੇ ਕਵਾੜ ਖੁੱਲ੍ਹਣ ਸੰਗਤਾਂ ਨੇ ਗੁਰੂ ਦਰਬਾਰ ਸਾਹਿਬ ਵਿਚ ਪੁੱਜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਣਾ ਸੀਸ ਨਿਵਾਇਆ ਅਤੇ ਗੁਰਬਾਣੀ ਕੀਰਤਨ, ਨਾਮ ਸਿਮਰਨ ਕੀਤਾ। ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ ਅਤੇ ਪੰਗਤ ਸੰਗਤ ਕਰਕੇ ਦੀਵਾਨ ਹਾਲ ਵਿਖੇ ਢਾਡੀ ਜੱਥਿਆਂ ’ਚ ਭਾਈ ਗੁਰਪਿਆਰ ਸਿੰਘ ਜੌਹਰ, ਭਾਈ ਬਲਦੇਵ ਸਿੰਘ ਲੌਂਗੋਵਾਲ, ਭਾਈ ਲਖਵਿੰਦਰ ਸਿੰਘ ਪਾਰਸ, ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਹਰਪ੍ਰੀਤ ਸਿੰਘ ਮਸਤਾਨਾ, ਭਾਈ ਗੁਰਜੀਤ ਸਿੰਘ ਮੰਡੇਰ, ਭਾਈ ਗੁਰਦਿਆਲ ਸਿੰਘ ਸਨੌਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਇਤਿਹਾਸ ਨਾਲ ਸੰਗਤਾਂ ਨੇ ਸਾਂਝ ਪਾਈ। ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਦੇ ਸੱਭਿਆਚਾਰ, ਕਦਰਾਂ ਕੀਮਤਾਂ ਨੂੰ ਬਚਾਉਣ ਦੇ ਨਾਲ ਹਿੰਦੂ ਕਸ਼ਮੀਰੀ ਪੰਡਤਾਂ ਦੀ ਪੁਕਾਰ ’ਤੇ ਧਰਮ ਦੀ ਰਾਖੀ ਲਈ ਗੁਰੂ ਸਾਹਿਬ ਨੇ ਆਪਣੀ ਅਦੁੱਤੀ ਸ਼ਹਾਦਤ ਦਿੱਤੀ, ਜਿਸ ਕਾਰਨ ਅੱਜ ਸੰਸਾਰ ਪੱਧਰ ’ਤੇ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਨੂੰ ਇਸ ਕਰਕੇ ਸ਼ਹੀਦ ਕੀਤਾ ਕਿ ਗੁਰੂ ਸਾਹਿਬ ਈਨ ਮੰਨ ਲੈਣ, ਪ੍ਰੰਤੂ ਗੁਰੂ ਸਾਹਿਬ ਨੇ ਅਡੋਲ ਰਹਿੰਦਿਆਂ ਸ਼ਹਾਦਤ ਦੇ ਕੇ ਸਮੁੱਚੀ ਮਾਨਵਤਾ ਨੂੰ ਪ੍ਰਮਾਤਮਾ ਦੇ ਭਾਣੇ ’ਚ ਰਹਿਣ ਲਈ ਪ੍ਰੇਰਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਪਰਮਜੀਤ ਸਿੰਘ ਸਰੋਆ, ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਇੰਦਰਜੀਤ ਸਿੰਘ ਗਿੱਲ, ਮੀਤ ਮੈਨੇਜਰ ਗੁਰਮੀਤ ਸਿੰਘ ਸੁਨਾਮ, ਜੋਗਿੰਦਰ ਸਿੰਘ ਪੰਛੀ, ਸਾਬਕਾ ਮੈਨੇਜਰ ਸੁਖਵਿੰਦਰ ਸਿੰਘ ਆਦਿ ਸੰਗਤਾਂ ਹਾਜ਼ਰ ਸਨ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਕਵੀ ਦਰਬਾਰ ਵਿਚ ਪ੍ਰਸਿੱਧ ਕਵੀਆਂ ’ਚ ਭਾਈ ਬਲਬੀਰ ਸਿੰਘ ਬੱਲ, ਭਾਈ ਹਰਨੇਕ ਸਿੰਘ ਵਡਾਲੀ, ਭਾਈ ਅਵਤਾਰ ਸਿੰਘ ਤਾਰੀ, ਭਾਈ ਬਲਬੀਰ ਸਿੰਘ ਕੋਮਲ, ਬੀਬੀ ਗੁਰਮੀਤ ਕੌਰ ਪਾਉਟਾ ਸਾਹਿਬ ਵਾਲੇ, ਬੀਬੀ ਅਮਨਦੀਪ ਕੌਰ ਪਾਉਟਾ ਸਾਹਿਬ ਵਾਲੇ, ਭਾਈ ਅਜੀਤ ਸਿੰਘ ਰਤਨ, ਭਾਈ ਗੁਰਦੀਪ ਸਿੰਘ ਭੈਣੀ ਜੱਸਾ, ਬੀਬੀ ਮਨਜੀਤ ਕੌਰ ਪਹੁਵਿੰਡ, ਬੀਬੀ ਪਰਵਿੰਦਰ ਕੌਰ ਪਟਿਆਲਾ, ਕਵੀ ਹੀਰਾ ਸਿੰਘ ਕਮਲਾ ਤੋਂ ਇਲਾਵਾ ਢਾਡੀਆਂ ਜਥਿਆਂ ’ਚ ਪਾਈ ਸ਼ੀਤਲ ਸਿੰਘ ਮਿਸ਼ਰਾ, ਢਾਡੀ ਗੁਰਜੀਤ ਸਿੰਘ ਮੰਡੇਰ, ਢਾਡੀ ਭਾਈ ਲਖਵਿੰਦਰ ਸਿੰਘ ਪਾਰਸ, ਢਾਡੀ ਭਾਈ ਲਖਵਿੰਦਰ ਸਿੰਘ (ਬੀ.ਏ) ਆਦਿ ਨੇ ਧਾਰਮਕ ਅਤੇ ਇਤਿਹਾਸਕ ਵਾਰਾਂ ਰਾਹੀਂ ਸੰਗਤਾਂ ਵਿਚ ਧਰਮ ਪ੍ਰਤੀ ਦਿ੍ਰੜਤਾ ਪੈਦਾ ਕੀਤੀ। ਗੁਰਦੁਆਰਾ ਸਾਹਿਬ ਵਿਖੇ ਪੰਚਮੀ ਅਤੇ ਸ਼ਹੀਦੀ ਜੋੜ ਮੇਲ ਦੇ ਪਵਿੱਤਰ ਦਿਹਾੜੇ ’ਤੇ 33 ਦੇ ਕਰੀਬ ਪ੍ਰਾਣੀਆਂ ਨੇ ਪੰਜ ਪਿਆਰਿਆਂ ਪਾਸੋਂ ਅੰਮਿ੍ਰਤ ਦੀ ਦਾਤ ਪ੍ਰਾਪਤ ਕੀਤੀ। ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨ ਵਾਲਿਆਂ ’ਚ ਨੌਜਵਾਨ, ਮਹਿਲਾਵਾਂ, ਬਜ਼ੁਰਗ ਅਤੇ ਔਰਤਾਂ ਸ਼ਾਮਲ ਸਨ। ਇਸ ਮੌਕੇ ਪੰਜ ਪਿਆਰਿਆਂ ਨੇ ਅੰਮਿ੍ਰਤ ਦੀ ਦਾਤ ਹਾਸਲ ਕਰਨ ਵਾਲਿਆਂ ਨੂੰ ਗੁਰੂ ਆਸ਼ੇ ਅਨੁਸਾਰ ਚੱਲਣ ਅਤੇ ਸ਼ਬਦ ਗੁਰੂ ਨੂੰ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ।