
ਫਾਜਿ਼ਲਕਾ, 4 ਅਕਤੂਬਰ : ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਜਿੰਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਮਸ਼ੀਨਾਂ ਦੀ ਖਰੀਦ ਕਰਨ ਲਈ ਡ੍ਰਾਅ ਨਿਕਲੇ ਹਨ ਉਹ 14 ਅਕਤੂਬਰ 2023 ਤੋਂ ਪਹਿਲਾਂ ਪਹਿਲਾਂ ਹਰ ਹਾਲਤ ਵਿਚ ਮਸ਼ੀਨਰੀ ਦੀ ਖਰੀਦ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਇਹ ਡ੍ਰਾਅ 18 ਸਤੰਬਰ ਨੂੰ ਕੱਢੇ ਗਏ ਸਨ ਅਤੇ ਇਸ ਸਬੰਧੀ ਅਧਿਕਾਰ ਪੱਤਰ ਸਬੰਧਤ ਕਿਸਾਨਾਂ ਨੂੰ ਪਹਿਲਾਂ ਹੀ ਪੋਰਟਲ ਤੇ ਅਪਲੋਡ ਕਰ ਦਿੱਤੇ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰਾਂ ਨਾਲ ਵੀ ਰਾਬਤਾ ਕਰ ਸਕਦੇ ਹਨ। ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਜ਼ੇਕਰ 14 ਅਕਤੂਬਰ ਤੱਕ ਮਸ਼ੀਨ ਦੀ ਖਰੀਦ ਨਾ ਕੀਤੀ ਤਾਂ ਵਿਭਾਗ ਸਬਸਿਡੀ ਦੇਣ ਲਈ ਅਗਲੇ ਕਿਸਾਨਾਂ ਨੂੰ ਵਿਚਾਰ ਸਕਦਾ ਹੈ ਅਤੇ ਸਬਸਿਡੀ ਲੈਪਸ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਕਿਸਾਨ ਤੁਰੰਤ ਮਸ਼ੀਨਾਂ ਦੀ ਖਰੀਦ ਕਰਕੇ ਅਪਲੋਡ ਕਰਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਮਸ਼ੀਨਾਂ ਨਾਲ ਝੋਨੇ ਦੀ ਪਰਾਲੀ ਦਾ ਕਿਸਾਨ ਅਸਾਨੀ ਨਾਲ ਪ੍ਰਬੰਧਨ ਕਰ ਸਕਣਗੇ।