ਪੀਏਯੂ ਦੇ ਸਪਰਿੰਗ ਗਾਰਡਨ ਵਿਚ ਖਿੜੇ ਫੁੱਲਾਂ ਨੇ ਮਹਿਕ ਅਤੇ ਰੰਗਾਂ ਦੀ ਛਹਿਬਰ ਲਾਈ 

ਲੁਧਿਆਣਾ, 4 ਫਰਵਰੀ, 2025 : ਪੀ.ਏ.ਯੂ. ਦੇ ਗੇਟ ਨੰਬਰ 1 ਕੋਲ ਸਥਾਪਿਤ ਸਪਰਿੰਗ ਗਾਰਡਨ ਅੱਜਕਲ੍ਹ ਬਦਲਦੇ ਮੌਸਮ ਵਿਚ ਰੰਗਾਂ ਅਤੇ ਮਹਿਕਾਂ ਨਾਲ ਦਰਸ਼ਕਾਂ ਲਈ ਮਨਮੋਹਕ ਦ੍ਰਿਸ਼ ਸਿਰਜ ਰਿਹਾ ਹੈ । ਇਸ ਵਿਚ ਖਿੜ੍ਹੇ ਦੇਸੀ ਅਤੇ ਬਦੇਸ਼ੀ ਕਿਸਮਾਂ ਦੇ ਬੀਜ ਅਤੇ ਜਰਮਪਲਾਜ਼ਮ ਦਾ ਸਹਿਯੋਗ ਉੱਘੇ ਫੁੱਲ ਉਤਪਾਦਕ ਸ. ਅਵਤਾਰ ਸਿੰਘ ਢੀਂਡਸਾ ਵੱਲੋਂ ਦੁਰਲੱਭ ਕਿਸਮਾਂ ਦੇ ਰੂਪ ਵਿਚ ਪਾਇਆ ਗਿਆ ਹੈ। ਹਰ ਸਾਲ ਬਹਾਰ ਦੀ ਰੁੱਤ ਵਿੱਚ ਖਿੜਨ ਵਾਲੇ ਇਹ ਦਿਲਕਸ਼ ਰੰਗਾਂ ਅਤੇ ਮਨਮੋਹਕ ਮਹਿਕਾਂ ਨਾਲ ਭਰੇ ਫੁੱਲ ਦਰਸ਼ਕਾਂ ਦ ਬਾਹਾਂ ਖੋਲ੍ਹ ਕੇ ਸਵਾਗਤ ਕਰਦੇ ਹਨ। ਗੋਭ ਵਿੱਚ ਖਿੜ ਰਹੇ ਟਿਊਲਿਪਸ ਹਰੇ-ਭਰੇ ਪੱਤਿਆਂ ਅਤੇ ਆਪਣੇ ਲਾਲ ਅਤੇ ਪੀਲੇ ਰੰਗਾਂ ਨਾਲ ਦੇਖਣ ਯੋਗ ਦ੍ਰਿਸ਼ ਸਿਰਜਦੇ ਹਨ। ਪੀਏਯੂ ਦੇ ਵਾਈਸ-ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਪਰਿੰਗ ਗਾਰਡਨ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਬਲਕਿ ਇਹ ਫੁੱਲਾਂ ਦੀ ਖੇਤੀ, ਜੈਵ ਵਿਭਿੰਨਤਾ ਦੀ ਸੰਭਾਲ ਅਤੇ ਸਥਿਰ ਲੈਂਡਸਕੇਪਿੰਗ ਲਈ ਪੀਏਯੂ ਦੀ ਵਚਨਬੱਧਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰਿਆਲੀ ਸਿਰਫ ਸੁੰਦਰਤਾ ਦਾ ਹੀ ਪ੍ਰਤੀਕ ਨਹੀਂ ਬਲਕਿ ਇਸ ਨਾਲ ਖੁਸ਼ਹਾਲ ਮਨੁੱਖੀ ਹੋਂਦ ਅਤੇ ਜੀਵਨ ਦੀ ਨਿਰੰਤਰ ਸਿੱਖਿਆ ਅਤੇ ਪ੍ਰੇਰਨਾ ਵੀ ਜੁੜੀ ਹੋਈ ਹੈ। ਸਪਰਿੰਗ ਗਾਰਡਨ ਦੇ ਰੱਖ ਰਖਾਵ ਅਤੇ ਸਾਂਭ ਸੰਭਾਲ ਦੀ ਅਗਵਾਈ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ, ਲੈਂਡਸਕੇਪਿੰਗ ਅਧਿਕਾਰੀ ਡਾ. ਰਣਜੀਤ ਸਿੰਘ ਅਤੇ ਫਾਰਮ ਮੈਨੇਜਰ ਸ਼੍ਰੀ ਹਰਦੀਪ ਸਿੰਘ ਦੇ ਰੂਪ ਵਿਚ ਸਮੂਹਿਕ ਤੌਰ ਤੇ ਕੀਤੀ ਜਾਂਦੀ ਹੈ। ਇਸ ਟੀਮ ਪੀ ਏ ਯੂ ਦੇ ਸਾਂਝੇ ਕਾਰਜਾਂ ਰਾਹੀਂ ਸਫਲਤਾ ਦੇ ਗੁਰਮੰਤਰ ਨੂੰ ਵੀ ਸਾਕਾਰ ਕਰਦੀ ਹੈ। ਬਾਗ ਦੀ ਸਿਰਜਣਾ ਪਿੱਛੇ ਸੁਚੱਜੀ ਵਿਉਂਤਬੰਦੀ ਬਾਰੇ ਡਾ ਰਿਸ਼ੀ ਇੰਦਰਾ ਸਿੰਘ  ਗਿੱਲ ਨੇ ਕਿਹਾ ਕਿ ਇਸ ਬਾਗ਼ ਦੇ ਹਰ ਭਾਗ ਨੂੰ ਸੁਚੱਜੀ ਵਿਉਂਤਬੰਦੀ ਅਤੇ ਵਿਸ਼ੇਸ਼ ਧਿਆਨ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਆਖਿਆ ਕਿ ਰਵਾਇਤੀ ਫੁੱਲਾਂ ਦੇ ਨਾਲ-ਨਾਲ ਦੁਰਲੱਭ ਅਤੇ ਵਿਦੇਸ਼ੀ ਕਿਸਮਾਂ ਨੂੰ ਸ਼ਾਮਲ ਕਰਨਾ ਬਾਗ ਨੂੰ ਇੱਕ ਵਿਲੱਖਣ ਸਿੱਖਣ ਅਤੇ ਖੋਜ ਦਾ ਮੰਚ ਬਣਾਉਂਦਾ ਹੈ। ਇਸ ਬਾਗ਼ ਵਿਚ ਬਹੁਤ ਵਿਸ਼ੇਸ਼ ਕਿਸਮ ਦੇ ਦੇਸੀ ਅਤੇ ਬਦੇਸ਼ੀ ਫੁੱਲਾਂ ਦਾ ਸੰਗ੍ਰਹਿ ਹੈ। ਨਾਲ ਹੀ ਸ ਅਵਤਾਰ ਸਿੰਘ ਢੀਂਡਸਾ ਵੱਲੋਂ ਸਹਿਯੋਗ ਦੇ ਰੂਪ ਵਿਚ ਭੇਂਟ ਕੀਤੇ ਫੁੱਲਾਂ ਨੇ ਵੀ ਬਾਗ਼ ਦੀ ਦਿੱਖ ਨੂੰ ਚਾਰ ਚੰਦ ਲਾਏ ਹਨ। ਬਾਗ ਦੀ ਵਿਸ਼ੇਸ਼ਤਾ ਪੀਏਯੂ ਟਿਊਲਿਪ ਗਾਰਡਨ ਹੈ, ਜਿਸ ਵਿੱਚ ਨਾਰਸੀਸਸ, ਗਲੈਡੀਓਲਸ, ਰੈਨਨਕੂਲਸ ਅਤੇ ਹਾਈਸੀਨਥਸ ਸਮੇਤ ਪੌਦਿਆਂ ਦੀ ਬੜੀ ਦਿਲਕਸ਼ ਦਸ਼ਾ ਹੈ। ਡਾ. ਪਰਮਿੰਦਰ ਸਿੰਘ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਹ ਦੁਰਲਭ ਪੌਦੇ ਸਥਾਨਕ ਪੱਧਰ ਤੇ ਸੁੰਦਰਤਾ ਅਤੇ ਦੁਰਲੱਭ ਢੰਗ ਦੇ ਦ੍ਰਿਸ਼ਾਂ ਦਾ ਸੁਮੇਲ ਬਣਦੇ ਹਨ। ਇਨ੍ਹਾਂ ਸ਼ਾਨਦਾਰ ਕਿਸਮਾਂ ਦੀ ਕਾਸ਼ਤ ਦੇ ਮੌਕਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਚਾਹਵਾਨ ਲੋਕਾਂ ਨੂੰ ਇਸ ਖੇਤਰ ਦੇ ਫੁੱਲਾਂ ਦੀ ਖੇਤੀ ਲਈ ਪ੍ਰੇਰਿਤ ਕਰਨਾ ਵੀ ਇਕ ਮੰਤਵ ਹੈ ਜਿਸਦੀ ਸਿੱਧੀ ਇਹ ਬਾਗ਼ ਕਰ ਰਿਹਾ ਹੈ। ਰੰਗਾਂ ਅਤੇ ਸੁਗੰਧਾਂ ਦਾ ਇਹ ਮੇਲਾ ਮਨਮੋਹਕ ਮਾਹੌਲ ਪੈਦਾ ਕਰਦਾ ਹੈ, ਜਿਸ ਨਾਲ ਸਪਰਿੰਗ ਗਾਰਡਨ ਕੁਦਰਤ ਪ੍ਰੇਮੀਆਂ ਅਤੇ ਫੁੱਲਾਂ ਦੇ ਪ੍ਰਸ਼ੰਸਕਾਂ ਲਈ ਬੜਾ ਦਿਲ ਖਿਚਵਾਂ ਸਥਾਨ ਬਣ ਕੇ ਉਭਰਿਆ ਹੈ।