- ਕਿਸਾਨ ਸਬਸਿਡੀ ਵਾਲੀ ਮਸ਼ੀਨਰੀ ਦਾ ਲਾਹਾ ਲੈਣ ਤੇ ਪਰਾਲੀ ਦਾ ਢੁਕਵਾਂ ਨਿਬੇੜਾ ਕਰਨ: ਸਹਾਇਕ ਕਮਿਸ਼ਨਰ
- ਅਗਾਂਹਵਧੂ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਬਾਰੇ ਤਜਰਬੇ ਕੀਤੇ ਸਾਂਝੇ
ਸ਼ਹਿਣਾ, 30 ਸਤੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸ਼ਹਿਣਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਸ਼ਹਿਣਾ ਵਿੱਚ ਪਰਾਲੀ ਸਾੜਨ ਵਿਰੁੱਧ ਬਲਾਕ ਪੱਧਰੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਨਾ ਸਾੜਨ, ਬਲਕਿ ਸਬਸਿਡੀ ਵਾਲੀ ਮਸ਼ੀਨਰੀ ਦਾ ਲਾਹਾ ਲੈਂਦੇ ਹੋਏ ਇਸਦਾ ਢੁਕਵਾਂ ਨਿਬੇੜਾ ਕਰਨ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਜਗਦੀਸ਼ ਸਿੰਘ ਨੇ ਕਿਹਾ ਕਿ ਜਿੱਥੇ ਅਸੀਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਉੱਥੇ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜੇ ਵੀ ਮਾਰ ਰਹੇ ਹਾਂ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਨਵੀਆਂ ਤਕਨੀਕਾਂ (ਹੈਪੀਸੀਡਰ, ਸੁਪਰਸੀਡਰ, ਸਰਫੇਸ ਸੀਡਰ ਆਦਿ) ਨਾਲ ਹੀ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਸ਼ੁੱਧ ਵਾਤਾਵਰਨ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਖੇਤ ਦੀ ਪਰਾਲੀ ਨੂੰ ਬੇਲਰ ਰਾਹੀਂ ਗੰਢਾਂ ਬਣਾ ਕੇ ਜਾਂ ਤੂੜੀ ਬਣਾਕੇ ਵਪਾਰੀਆਂ ਨੂੰ ਵੇਚ ਸਕਦੇ ਹਨ। ਜੇਕਰ ਅਸੀਂ ਪਿੰਡ ਪੱਧਰ ਤੋਂ ਹੀ ਅੱਗ ਨਾ ਲਗਾਉਣ ਦੇ ਉਪਰਾਲੇ ਸ਼ੁਰੂ ਕਰਾਂਗੇ ਤਾਂ ਹੀ ਸਾਡਾ ਸਾਰਾ ਪੰਜਾਬ ਪ੍ਰਦੂਸ਼ਣ ਮੁਕਤ ਹੋ ਸਕੇਗਾ। ਇਸ ਮੌਕੇ ਬਲਾਕ ਦੇ ਅਗਾਂਹਵਧੂ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਵਿਭਾਗ ਵਲੋਂ ਇਨ੍ਹਾਂ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਤਗੜ੍ਹ ਦੇ ਵਿਦਿਆਰਥੀਆਂ ਵਲੋਂ ਪਰਾਲੀ ਪ੍ਰਬੰਧਨ ਬਾਰੇ ਕਵੀਸ਼ਰੀ ਪੇਸ਼ ਕੀਤੀ ਗਈ ਅਤੇ ਪੀ ਏ ਯੂ ਦੀ ਟੀਮ ਵੱਲ ਨਾਟਕ ਪੇਸ਼ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਧਿਕਾਰੀ ਗੁਰਚਰਨ ਸਿੰਘ, ਏ ਡੀ ਓ ਸੁਖਦੀਪ ਸਿੰਘ, ਨਵਜੀਤ ਸਿੰਘ, ਬੀ ਟੀ ਐਮ ਜਸਵਿੰਦਰ ਸਿੰਘ, ਏ ਟੀ ਐਮ ਸਤਨਾਮ ਸਿੰਘ, ਸੁਖਪਾਲ ਸਿੰਘ, ਦੀਪਕ ਗਰਗ ਤੇ ਸੁਨੀਤਾ ਸ਼ਰਮਾ ਹਾਜ਼ਰ ਸਨ।