- ਜ਼ਿਲ੍ਹਾ ਵਾਸੀਆਂ ਨੂੰ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ
- ਜ਼ਿਲ੍ਹੇ ਵਿੱਚੋਂ ਲੰਘਦੀਆਂ ਨਹਿਰਾਂ ਤੇ ਚੋਆਂ ਦੀ ਸਥਿਤੀ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਿੱਖੀ ਨਜ਼ਰ
ਫ਼ਤਹਿਗੜ੍ਹ ਸਾਹਿਬ, 24 ਅਗਸਤ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚੋਂ ਲੰਘਦੇ ਚੋਆਂ ਤੇ ਨਹਿਰਾਂ ਉੱਤੇ ਹਮੇਸ਼ਾਂ ਹੀ ਨਜ਼ਰ ਰੱਖੀ ਜਾਂਦੀ ਹੈ ਪਰ ਬਰਸਾਤਾਂ ਦੇ ਮੱਦੇਨਜ਼ਰ ਚੋਆਂ ਤੇ ਨਹਿਰਾਂ ਉੱਤੇ ਹੋਰ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਲੰਘਦੀ ਭਾਖੜਾ ਮੇਨ ਲਾਈਨ ਬਿਲਕੁਲ ਸੁਰੱਖਿਅਤ ਹੈ। ਜ਼ਿਲ੍ਹਾ ਵਾਸੀਆਂ ਨੂੰ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੱਥੇ ਕਿਤੇ ਵੀ ਨਹਿਰਾਂ ਜਾਂ ਚੋਆਂ ਬਾਬਤ ਕੋਈ ਦਿੱਕਤ ਆਉਂਦੀ ਹੈ ਉੱਥੇ ਫੌਰੀ ਲੋੜੀਂਦੀ ਕਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਉਹਨਾਂ ਕਿਹਾ ਕਿ ਜਿੱਥੇ ਕਿਤੇ ਕੋਈ ਦਿੱਕਤ ਆਵੇਗੀ, ਉਸ ਬਾਬਤ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਗੱਲੋਂ ਵੀ ਘਬਰਾਉਣ ਦੀ ਲੋੜ ਨਹੀਂ ਹੈ। ਇਸ ਬਾਰੇ ਹੋਰ ਗੱਲਬਾਤ ਕਰਦਿਆਂ ਐਕਸੀਨ, ਭਾਖੜਾ ਮੇਨ ਲਾਈਨ, ਪਟਿਆਲਾ, ਸ. ਸੰਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਪਿੰਡ ਚਰਨਾਰਥਲ ਕਲਾਂ ਦੇ ਨੇੜੇ ਲੰਗਦੀ ਭਾਖੜਾ ਮੇਨ ਲਾਈਨ ਨਹਿਰ ਦੇ ਕੰਢੇ ਤੇ ਪਟੜੀ ਸਬੰਧੀ ਕੁਝ ਰਿਪੋਰਟਾਂ ਸਾਹਮਣੇ ਆਉਣ ਨਾਲ ਜਲ ਸਰੋਤ ਵਿਭਾਗ ਦੇ ਜੇ.ਈ. ਗੁਰਿੰਦਰ ਸਿੰਘ ਵੱਲੋਂ ਤੁਰੰਤ ਮੌਕਾ ਵੇਖਿਆ ਗਿਆ। ਜੇ.ਈ. ਵਲੋਂ ਦੱਸਿਆ ਗਿਆ ਕਿ ਭਾਖੜਾ ਮੇਨ ਲਾਈਨ 'ਤੇ ਪੈਂਦੇ ਪਿੰਡ ਚਰਨਾਰਥਲ ਕਲਾਂ ਨਜ਼ਦੀਕ ਨਹਿਰ ਵਿਚ ਇਕ ਵੱਡੀ ਝਾਲ ਬਣੀ ਹੋਣ ਕਾਰਨ ਝਾਲ ਦੇ ਹੇਠਲੇ ਪਾਸੇ ਵੱਲ ਜਾਂਦੇ ਪਾਣੀ ਦਾ ਵਹਿਣ ਕਾਫੀ ਤੇਜ਼ ਰਹਿੰਦਾ ਹੈ, ਜਿਸ ਕਾਰਨ ਨਹਿਰ ਦੀ ਲਾਈਨਿੰਗ ਥੋੜੀ ਬਹੁਤ ਡੇਮੈਜ ਹੁੰਦੀ ਰਹਿੰਦੀ ਹੈ। ਇਸ ਡੇਮੈਜ ਨੂੰ ਥੈਲਿਆਂ ਨਾਲ ਠੀਕ ਕਰਵਾ ਦਿਤਾ ਗਿਆ। ਭਾਖੜਾ ਮੇਨ ਲਾਈਨ ਨਹਿਰ ਦੀ ਫੀਲਡ ਸਟਾਫ ਵੱਲੋਂ ਹੈੱਡ ਤੋਂ ਟੇਲ ਤੱਕ ਨਿਰੰਤਰ ਦਿਨ ਰਾਤ ਵਾਚਿੰਗ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਪ੍ਰਕਾਰ ਦੀ ਅਣਸੁਖਾਵੀ ਘਟਨਾ ਨਾ ਵਾਪਰੇ ਅਤੇ ਆਮ ਜਨਤਾ ਵਿਚ ਡਰ ਦਾ ਮਹੌਲ ਨਾ ਬਣੇ। ਇਸ ਰੀਚ ਵਿਚ ਨਹਿਰ ਕਟਿੰਗ ਵਿਚ ਬਣੀ ਹੋਈ ਹੈ, ਜਿਸ ਕਾਰਨ ਨਹਿਰ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ। ਭਾਖੜਾ ਮੇਨ ਲਾਈਨ ਇਕ ਅੰਤਰਰਾਜੀ ਨਹਿਰ ਹੋਣ ਕਾਰਨ ਇਸ ਦੀ ਜੁਆਇੰਟ ਇਸਪੈਕਸ਼ਨ ਹਰ ਸਾਲ ਪੰਜਾਬ, ਰਾਜਸਥਾਨ ਅਤੇ ਹਰਿਆਣਾ ਰਾਜਾਂ ਵੱਲੋਂ ਇਕੱਠੇ ਕੀਤੀ ਜਾਂਦੀ ਹੈ ਅਤੇ ਨਹਿਰ ਦੀ ਸੁਰੱਖਿਆ ਸਬੰਧੀ ਹੋਣ ਵਾਲੇ ਜ਼ਰੂਰੀ ਕੰਮਾਂ ਦਾ ਨਿਰੀਖਣ ਕੀਤਾ ਜਾਂਦਾ ਹੈ। ਇਸ ਸਾਲ ਵੀ ਨਹਿਰ ਦੀ ਇਸਪੈਕਸ਼ਨ ਹੋ ਚੁਕੀ ਹੈ ਅਤੇ ਬਣਦੇ ਜ਼ਰੂਰੀ ਕੰਮ ਨਹਿਰ ਦੀ ਜਲਦ ਆਉਣ ਵਾਲੀ ਬੰਦੀ ਦੌਰਾਨ ਕਰਵਾ ਦਿਤੇ ਜਾਣਗੇ।