- ਜੇਲ੍ਹ ਦੇ 500 ਮੀਟਰ ਦੇ ਘੇਰੇ ਨੂੰ ‘ਨੋ ਡਰੋਨ ਜ਼ੋਨ’ ਐਲਾਨਿਆ
ਬਰਨਾਲਾ, 29 ਅਗਸਤ 2024 : ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਆਈ.ਏ.ਐਸ. ਨੇ ਭਾਰਤੀ ਸੁਰੱਖਿਆ ਸੰਘਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਚੱਲਣ ਵਾਲੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਵਿੱਚ ਅਸ਼ਲੀਲ ਗਾਣੇ ਚਲਾਉਣ ’ਤੇ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕਰਨ ਵਾਲੇ ਬੱਸ ਚਾਲਕ ਜਾਂ ਕੰਡਕਟਰ ਵਿਰੁੱਧ ਸ਼ਿਕਾਇਤ ਪਾਈ ਗਈ ਤਾਂ ਉਸ ਦੇ ਖਿਲਾਫ਼ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਅਗਲੇ ਹੁਕਮ ਤਹਿਤ ਉਨ੍ਹਾਂ ਜ਼ਿਲ੍ਹੇ ਅੰਦਰ ਅਣ-ਅਧਿਕਾਰਤ ਆਵਾਜ਼ੀ ਪ੍ਰਦੂਸ਼ਣ ਵਾਲੇ ਯੰਤਰਾਂ ਦੀ ਵਰਤੋਂ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਮੈਰਿਜ ਪੈਲੇਸਾਂ/ਧਾਰਮਿਕ ਸਥਾਨਾਂ/ਆਮ ਲੋਕਾਂ ਦੁਆਰਾ ਸੱਭਿਆਚਾਰਕ/ਧਾਰਮਿਕ ਅਤੇ ਹੋਰ ਪ੍ਰੋਗਰਾਮਾਂ ਆਦਿ ਵਿੱਚ ਲਾਊਡ ਸਪੀਕਰਾਂ, ਆਰਕੈਸਟਰਾ ਤੇ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਸ ਦੇ ਫਲਸਰੂਪ ਆਮ ਲੋਕਾਂ, ਮਾਨਸਿਕ ਰੋਗੀਆਂ ਅਤੇ ਬੱਚਿਆਂ ਦੀ ਸਿਹਤ ਅਤੇ ਪੜਾਈ ’ਤੇ ਮਾੜਾ ਅਸਰ ਪੈਂਦਾ ਹੈ। ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੋਆਇਜ਼ਜ) ਐਕਟ 1956 ਅਨੁਸਾਰ ਕੋਈ ਵੀ ਵਿਅਕਤੀ ਪੂਰਵ ਪ੍ਰਵਾਨਗੀ ਲਾਊਡ ਸਪੀਕਰਾਂ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ ਨਹੀਂ ਕਰ ਸਕਦਾ ਹੈ। ਜਿਸ ਵੀ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਜਾਂ ਆਮ ਲੋਕਾਂ ਨੇ ਲਾਊਡ ਸਪੀਕਰ ਲਗਾਉਣਾ ਹੋਵੇਗਾ, ਉਹ ਵੱਖਰੇ ਤੌਰ ’ਤੇ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਤੋਂ ਪਹਿਲਾਂ ਪ੍ਰਵਾਨਗੀ ਲੈਣਾ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਸਥਿਤ ਜ਼ਿਲ੍ਹਾ ਜੇਲ੍ਹ ਦੇ ਆਲੇ-ਦੁਆਲੇ ਦੇ 500 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਜਨਤਕ ਜਾਂ ਪ੍ਰਾਈਵੇਟ ਸਥਾਨ ’ਤੇ ਡਰੋਨ ਦੀ ਵਰਤੋਂ ਕਰਨ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ ਤੇ ਜੇਲ੍ਹ ਦੇ ਆਲੇ-ਦੁਆਲੇ ਦੇ 500 ਮੀਟਰ ਘੇਰੇ ਨੂੰ ‘ਨੋ ਡਰੋਨ ਜ਼ੋਨ’ ਐਲਾਨਿਆ ਗਿਆ ਹੈ। ਉਪਰੋਕਤ ਹੁਕਮ 23 ਅਕਤੂਬਰ, 2024 ਤੱਕ ਜ਼ਿਲ੍ਹੇ ਭਰ ਵਿੱਚ ਲਾਗੂ ਰਹਿਣਗੇ ਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।