- ਸਿਹਤ ਵਿਭਾਗ ਵੱਲੋਂ 7 ਸਤੰਬਰ ਤੱਕ ਮਨਾਇਆ ਜਾ ਰਿਹਾ ਕੌਮੀ ਖੁਰਾਕ ਹਫਤਾ
ਬਰਨਾਲਾ, 2 ਸਤੰਬਰ 2024 : ਸਿਹਤ ਵਿਭਾਗ ਬਰਨਾਲਾ ਵੱਲੋਂ ਡਾਇਰੈਕਟਰ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ 7 ਸਤੰਬਰ ਤੱਕ ਕੌਮੀ ਖੁਰਾਕ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਗਰਭਵਤੀ ਔਰਤਾਂ ਤੇ ਦੁੱਧ ਚੁੰਘਾਉਂਦੀਆਂ ਮਾਵਾਂ ਅਤੇ ਕਿਸ਼ੋਰਾਂ ਨੂੰ ਸੰਤੁਲਿਤ ਭੋਜਨ ਦਾ ਸੇਵਨ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਕੌਮੀ ਖੁਰਾਕ ਹਫਤਾ ਵਿਸ਼ਾ “ਸ਼ੁਰੂ ਤੋਂ ਹੀ ਸਮਾਰਟ ਸਹੀ ਖੁਰਾਕ” ਤਹਿਤ ਮਨਾਇਆ ਜਾ ਰਿਹਾ ਹੈ। ਸੰਤੁਲਿਤ ਖਾਣ ਪੀਣ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਪਿੰਡ ਪੱਧਰ ਤੱਕ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਮਤਾ ਦਿਵਸ ਤੇ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ। ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਚੰਗੀ ਸਿਹਤ ਲਈ ਸੰਤੁਲਿਤ ਖੁਰਾਕ ਦੀ ਲੋੜ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ ਗਰਭਵਤੀ ਔਰਤਾਂ, ਦੁੱਧ ਚੁੰਘਾਉਂਣ ਵਾਲੀਆਂ ਮਾਵਾਂ ਅਤੇ ਕਿਸ਼ੋਰਾਂ ਨੂੰ ਹਰੀਆਂ ਸਬਜ਼ੀਆਂ, ਦੁੱਧ, ਫਲ ਉਬਲੀਆਂ ਦਾਲਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਇਓਡੀਨ ਯੁਕਤ ਭੋਜਨ ਕਰਨਾ ਚਾਹੀਦਾ ਹੈ। ਮਾਂ ਦਾ ਪਹਿਲਾ ਪੀਲੇ ਰੰਗ ਦਾ ਦੁੱਧ ਨਵ ਜਨਮੇ ਬੱਚਿਆਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਸੁਖਪਾਲ ਕੌਰ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਨੇ ਦੱਸਿਆ ਕਿ ਕੌਮੀ ਖੁਰਾਕ ਹਫਤਾ ਮਨਾਉਣ ਦਾ ਮੁੱਖ ਮੰਤਵ ਸਿਹਤ ਲਈ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਤਲੇ ਹੋਏ ਭੋਜਨ ਪਦਾਰਥਾਂ ਅਤੇ ਫਾਸਟ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਹਮੇਸ਼ਾ "ਸੰਤੁਲਿਤ ਖੁਰਾਕ" ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।