ਮੁੱਲਾਂਪੁਰ ਦਾਖਾ, 27 ਮਾਰਚ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬੈਰਾਗੀ ਸੰਪ੍ਰਦਾਇ ਦੇ ਬਾਨੀ ਸਵਾਮੀ ਰਾਮਾ ਨੰਦ ਜੀ ਦਾ ਜਨਮ ਉਤਸਵ ਬੈਰਾਗੀ ਮਹਾਂ ਮੰਡਲ ਪੰਜਾਬ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਸਮੁੱਚੇ ਪੰਜਾਬ ਵਿਚੋਂ ਬੈਰਾਗੀ ਭਾਈਚਾਰੇ ਦੇ ਉੱਚਕੋਟੀ ਦੇ ਬੁੱਧੀਜੀਵੀ ਅਤੇ ਮਹੰਤਜਨਾਂ ਨੇ ਹਿੱਸਾ ਲਿਆ। ਬੈਰਾਗੀ ਮਹਾਂ ਮੰਡਲ ਪੰਜਾਬ ਵੱਲੋਂ ਆਯੋਜਿਤ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਬੈਰਾਗੀ ਵੈਸ਼ਨਵ ਮਹਾਂ ਮੰਡਲ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਗੁਰੂ, ਭਗਤ, ਪੀਰ, ਪੈਗ਼ੰਬਰ, ਸ਼ਹੀਦ ਅਤੇ ਯੋਧੇ ਕਿਸੇ ਜਾਤਾਂ ਪਾਤਾਂ ਜਾਂ ਬਰਾਦਰੀਆਂ ਦੇ ਬੰਧਨ ਵਿਚ ਨਹੀਂ ਆਉਂਦੇ। ਉਹਨਾਂ ਦਾ ਸੰਦੇਸ਼ ਅਤੇ ਕੁਰਬਾਨੀ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਹੁੰਦੀ ਹੈ ਅਤੇ ਸਵਾਮੀ ਰਾਮਾ ਨੰਦ ਜੀ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਇਸ ਗੱਲ ਦੀ ਗਵਾਹੀ ਭਰਦੀ ਹੈ। ਬਾਵਾ ਜੀ ਨੇ ਇਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਮਸੇਰ ਭਰਾ ਬਾਬਾ ਰਾਮ ਥੰਮ੍ਹਣ ਜੀ ਬਾਰੇ ਵੀ ਚਾਨਣਾ ਪਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਬੈਰਾਗੀ ਮਹਾਂ ਮੰਡਲ ਪੰਜਾਬ ਦੇ ਪ੍ਰਧਾਨ ਬਾਵਾ ਰਵਿੰਦਰ ਨੰਦੀ ਨੇ ਬੈਰਾਗੀ ਬਰਾਦਰੀ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਇੱਕ ਸਦੀ ਪਹਿਲਾਂ ਭਗਤੀ ਕਾਲ ਦੇ ਸ਼੍ਰੋਮਣੀ ਭਗਤ ਸਵਾਮੀ ਰਾਮਾ ਨੰਦ ਜੀ ਨੇ ਵਰਨ ਆਸ਼ਰਮ ਅਤੇ ਜਾਤਪਾਤ ਦੇ ਵਿਰੁੱਧ ਇੱਕ ਅਧਿਆਤਮਿਕ ਲੜਾਈ ਲੜੀ ਜਿਸ ਵਿਚੋਂ ਬੈਰਾਗੀ ਸੰਪ੍ਰਦਾਇ ਦਾ ਜਨਮ ਹੋਇਆ। ਸ਼੍ਰੀ ਨੰਦੀ ਨੇ ਦੱਸਿਆ ਕਿ ਬੈਰਾਗੀ ਬਰਾਦਰੀ ਨੂੰ ਮਾਣ ਕਰਨਾ ਚਾਹੀਦਾ ਹੈ ਕਿ ਜਦੋਂ ਅਧਿਆਤਮਕਵਾਦ ਦੀ ਗੱਲ ਕਰਦੇ ਹਾਂ ਤਾਂ ਸਵਾਮੀ ਰਾਮਾ ਨੰਦ ਜੀ ਚੋਟੀ 'ਤੇ ਬੈਠੇ ਹਨ ਅਤੇ ਜਦੋਂ ਸ਼ਹਾਦਤ ਦੀ ਗੱਲ ਚੱਲਦੀ ਹੈ ਤਾਂ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਸਰਵਉੱਚ ਹੈ। ਇਸ ਸਮਾਗਮ ਵਿਚ ਨਸ਼ਿਆਂ ਵਿਰੁੱਧ ਵੀ ਮਤਾ ਪਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮਹੰਤ ਲਲਿਤ ਮੋਹਨ ਤਪਿਆ ਜੀ ਨਾਭਾ ਨੇ ਕੀਤੀ ਅਤੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜਗਦੀਸ਼ ਬਾਵਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਜਨਰਲ ਸਕੱਤਰ ਮੋਹਣ ਦਾਸ ਬਾਵਾ, ਮਹੰਤ ਦਾਰਾ ਦਾਸ ਹੱਲੋਤਾਲੀ, ਕੇਵਲ ਬਾਵਾ ਧਾਰੋਂਕੀ, ਜਸਵਿੰਦਰ ਬਾਵਾ, ਅਰਸ਼ਦੀਪ ਬਾਵਾ, ਪ੍ਰਦੀਪ ਬਾਵਾ ਜ਼ਿਲ੍ਹਾ ਪ੍ਰਧਾਨ ਮੁਕਤਸਰ, ਗਗਨ ਸ਼ਰਮਾ, ਪ੍ਰਿਤਪਾਲ ਸਿੰਘ, ਇੰਦਰਜੀਤ ਸਿੰਘ, ਸਨੀ ਬਾਵਾ, ਤਰਲੋਚਨ ਦਾਸ ਦੋਰਾਹਾ ਜ਼ਿਲ੍ਹਾ ਦਿਹਾਤੀ ਪ੍ਰਧਾਨ, ਨੇਤਰ ਬਾਵਾ ਸਰੌਂਦ, ਬਾਵਾ ਕਿੱਕਰ ਸਿੰਘ ਬੱਧਨੀ ਸਕੱਤਰ ਪੰਜਾਬ, ਜਸਵਿੰਦਰ ਸਿੰਘ, ਮੈਡਮ ਪਰਮਜੀਤ ਕੁਮਾਰੀ ਅਹਿਮਦਗੜ੍ਹ, ਬਾਵਾ ਕਰਮ ਦਾਸ ਅਤੇ ਵਿਦਵਾਨ ਪੰਡਿਤ ਮਨਮੋਹਨ ਸ਼ੰਮੀ, ਅਰਜਨ ਦਾਸ ਬਾਵਾ ਨੇ ਵੀ ਸ਼ਿਰਕਤ ਕੀਤੀ।