- ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 700 ਸਾਲ ਦੇ ਮੁਗ਼ਲ ਸਾਮਰਾਜ ਦਾ ਖ਼ਾਤਮਾ ਕੀਤਾ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ : ਬਾਵਾ
- ਕਿਸਾਨੀ ਦੇ ਮੁਕਤੀਦਾਤਾ ਦੀ ਯਾਦ 'ਚ ਹਰ ਕਿਸਾਨ ਆਪਣੇ ਘਰ 'ਤੇ ਦੇਸੀ ਘਿਓ ਦਾ ਦੀਵਾ ਬਾਲੇ
- ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਵਡਮੁੱਲੀ ਸ਼ਹਾਦਤ ਦਾ ਬਦਲਾ ਲਿਆ
ਮੁੱਲਾਂਪੁਰ ਦਾਖਾ, 14 ਮਈ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਸਰਹਿੰਦ ਫ਼ਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ "ਵਿਸ਼ਾਲ ਫ਼ਤਿਹ ਮਾਰਚ" ਹਾਥੀ, ਘੋੜੇ, ਬੈਂਡ ਵਾਜੇ, ਗਤਕਾ ਪਾਰਟੀਆਂ, ਭੰਗੜਿਆਂ ਨਾਲ ਰਵਾਨਾ ਹੋਇਆ ਜਿਸ ਦੇ ਸਮੁੱਚੇ ਪ੍ਰਬੰਧਾਂ ਦੀ ਅਗਵਾਈ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਅਤੇ ਮੁੱਖ ਸੇਵਾਦਾਰ ਕ੍ਰਿਸ਼ਨ ਕੁਮਾਰ ਬਾਵਾ ਨੇ ਕੀਤੀ ਜਦਕਿ ਮਾਰਚ ਨੂੰ ਰਵਾਨਾ ਕਰਨ ਦੀ ਰਸਮ ਬਾਬਾ ਜੋਗਿੰਦਰ ਸਿੰਘ ਨਿਹੰਗ ਮੁਖੀ ਰਕਬਾ, ਨਿਹੰਗ ਮੁੱਖੀ ਬਾਬਾ ਬਲਵਿੰਦਰ ਸਿੰਘ ਗੁਰਦਾਸ ਨੰਗਲ ਗੜੀ, ਮਲਕੀਤ ਸਿੰਘ ਦਾਖਾ, ਰਿਟਾ. ਆਈ.ਜੀ. ਇਕਬਾਲ ਸਿੰਘ ਗਿੱਲ, ਪਰਮਿੰਦਰ ਸਿੰਘ ਗਰੇਵਾਲ, ਮੁੱਖ ਸਰਪ੍ਰਸਤ ਫਾਊਂਡੇਸ਼ਨ ਦਲਜੀਤ ਸਿੰਘ, ਰਾਜ ਗਰੇਵਾਲ, ਉਮਰਾਉ ਸਿੰਘ ਛੀਨਾ ਪ੍ਰਧਾਨ ਹਰਿਆਣਾ ਫਾਊਂਡੇਸ਼ਨ, ਰਾਣਾ ਝਾਂਡੇ ਆਦਿ ਨੇ ਕੀਤੀ। ਇਹ ਮਾਰਚ ਲੁਧਿਆਣਾ, ਸਾਹਨੇਵਾਲ, ਦੋਰਾਹਾ, ਨੀਲੋਂ ਪੁਲ, ਸਮਰਾਲਾ, ਖਮਾਣੋਂ, ਮੋਰਿੰਡਾ, ਖਰੜ ਹੁੰਦਾ ਹੋਇਆ ਬਾਅਦ ਦੁਪਹਿਰ ਚੱਪੜਚਿੜੀ ਪਹੁੰਚਿਆ। ਉਪਰੰਤ 4 ਵਜੇ ਫ਼ਤਿਹ ਦਾ ਝੰਡਾ ਸਰਹਿੰਦ ਵਿਖੇ ਲਹਿਰਾਇਆ ਗਿਆ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਸਰਹਿੰਦ ਫ਼ਤਿਹ ਦਿਵਸ ਦਾ ਇਤਿਹਾਸਿਕ ਗੌਰਵਮਈ ਦਿਹਾੜਾ ਸਾਨੂੰ ਜ਼ੁਲਮ ਅਤੇ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਪ੍ਰੇਰਨਾ ਦਿੰਦਾ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਤੋਂ ਬਾਅਦ ਭਗਤੀ ਤੋਂ ਸ਼ਕਤੀ ਦਾ ਰਸਤਾ ਅਖ਼ਤਿਆਰ ਕਰਕੇ 700 ਸਾਲ ਦੇ ਮੁਗ਼ਲ ਸਾਮਰਾਜ ਦਾ ਖ਼ਾਤਮਾ ਕੀਤਾ। ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਵਡਮੁੱਲੀ ਸ਼ਹਾਦਤ ਦਾ ਬਦਲਾ ਲਿਆ। ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਕੇ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ। ਉਹਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ। ਉਹਨਾਂ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ। ਬਾਵਾ ਨੇ ਕਿਹਾ ਕਿ ਅੱਜ ਕਿਸਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੇਣ ਅਤੇ ਕੁਰਬਾਨੀ ਨੂੰ ਯਾਦ ਕਰਦੇ ਹੋਏ ਇਸ ਗੌਰਵਮਈ ਇਤਿਹਾਸਿਕ ਦਿਹਾੜੇ 'ਤੇ ਆਪੋ ਆਪਣੇ ਘਰ 'ਤੇ ਇੱਕ ਇੱਕ ਦੇਸੀ ਘਿਓ ਦਾ ਦੀਵਾ ਬਾਲਣ ਅਤੇ ਆਪਣੇ ਘਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਸੁਸ਼ੋਭਿਤ ਕਰਨ। ਇਸ ਮੌਕੇ ਅੰਮ੍ਰਿਤਪਾਲ ਸਿੰਘ, ਗਗਨਦੀਪ ਬਾਵਾ, ਮਨੀ ਖੀਵਾ, ਰੇਸ਼ਮ ਸਿੰਘ ਸਰਪੰਚ, ਰੇਸ਼ਮ ਸਿੰਘ ਸੱਗੂ, ਅਮਨਿੰਦਰ ਸਿੰਘ ਜੱਸੋਵਾਲ, ਸੰਜੇ ਠਾਕੁਰ, ਅਮਨਦੀਪ ਬਾਵਾ, ਅਨਿਲ ਵਰਮਾ ਹਰਿਆਣਾ, ਗੁਲਸ਼ਨ ਬਾਵਾ, ਹਰਪਾਲ ਸਿੰਘ ਪਾਲੀ, ਸਾਧੂ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਅਮਰੀਕਾ ਫਾਊਂਡੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਅਸ਼ੋਕ ਬਾਵਾ, ਹੈਪੀ ਦਿਓਲ ਨੇ ਫ਼ਤਿਹ ਮਾਰਚ ਰਵਾਨਾ ਕਰਨ ਸਮੇਂ ਵਧਾਈਆਂ ਦਿੱਤੀਆਂ। ਇਸ ਸਮੇਂ ਬਾਵਾ ਨੇ ਸੂਬਾ ਸਰਕਾਰ (ਭਗਵੰਤ ਮਾਨ) ਅਤੇ ਏ.ਡੀ.ਜੀ.ਪੀ ਸਿਕਓਰਿਟੀ ਸ਼੍ਰੀਵਾਸਤਵਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਿੰਨਾਂ ਨੇ ਸਾਰੇ ਮਾਰਚ ਦੌਰਾਨ ੲੈਸਕੋਰਟ ਸਿਕਓਰਿਟੀ ਰਾਹੀਂ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਸੰਗਤਾਂ ਦੀ ਹਿਫਾਜਤ ਕੀਤੀ। ਉਨ੍ਹਾਂ ਸਮੂਹ ਸੰਗਤ ਦਾ ਵੀ ਧੰਨਵਾਦ ਕੀਤਾ।