ਬਰਨਾਲਾ, 13 ਅਕਤੂਬਰ : ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲ਼ਖ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਜੋਤੀ ਕੌਸ਼ਲ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਬਰਨਾਲਾ ਦੀ ਯੋਗ ਅਗਵਾਈ ਅਧੀਨ “36 ਵੇਂ ਦੰਦ ਪੰਦਰਵਾੜੇ” ਨੂੰ ਸਮਰਪਿਤ ਜਾਗਰੂਕਤਾ ਪੈਦਾ ਕਰਨ ਲਈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਡਾ. ਵੰਦਨਾ ਭਾਂਬਰੀ ,ਡਾ. ਗੁਰਪ੍ਰੀਤ ਕੌਰ ਸਿਵਲ ਹਸਪਤਾਲ ਬਰਨਾਲਾ ਅਤੇ ਮੈਡਮ ਸੁਖਪਾਲ ਕੌਰ ਜ਼ਿਲ੍ਹਾ ਆਰ.ਬੀ.ਐਸ.ਕੇ. ਕੋਅਰਡੀਨੇਟਰ ਸ਼ਾਮਿਲ ਸਨ, ਵੱਲੋਂ ਹਾਜ਼ਰੀਨ ਸਕੂਲੀ ਬੱਚਿਆਂ ਨੂੰ ਸਾਡੇ ਸਿਹਤਮੰਦ ਜ਼ਿੰਦਗੀ ਵਿੱਚ ਦੰਦਾਂ ਦੀ ਸਾਂਭ ਸੰਭਾਲ ਦੀ ਅਹਿਮੀਅਤ ਸਬੰਧੀ ਵਿਸਥਾਰਪੂਰਵਕ ਢੰਗ ਨਾਲ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਸਾਡਾ ਖਾਣਾ ਪੀਣਾ ਦੰਦਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਇਸ ਲਈ ਆਪਣੇ ਮਜ਼ਬੂਤ ਦੰਦਾਂ ਦੀ ਸਾਂਭ-ਸੰਭਾਲ ਲਈ ਇਹਨਾਂ ਦੀ ਜਾਂਚ ਸਮੇਂ ਸਿਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਿਹਤ ਵਿਭਾਗ ਵੱਲੋਂ ਇਸ ਪੰਦਰਵਾੜੇ ਵਿੱਚ ਲੋਕਾਂ ਦੇ ਦੰਦਾਂ ਦੀ ਜਾਂਚ ਅਤੇ ਦੰਦਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਡਾ. ਵੰਦਨਾ ਨੇ ਕਿਹਾ ਕਿ ਇਸ ਪੰਦਰਵਾੜੇ ਵਿੱਚ ਵੱਧ ਤੋਂ ਵੱਧ ਲੋਕਾਂ ਵਿੱਚ ਇਹ ਸੁਨੇਹਾ ਭੇਜਿਆ ਤੇ ਸਮਝਾਇਆ ਜਾ ਰਿਹਾ ਹੈ ਕਿ ਤੰਬਾਕੂ ਪਦਾਰਥ, ਟਾਫੀਆਂ ਅਤੇ ਚਾਕਲੇਟ ਆਦਿ ਦੀ ਵਰਤੋਂ ਨਾਲ ਦੰਦ ਜਿਆਦਾ ਖਰਾਬ ਹੁੰਦੇ ਹਨ, ਇਨ੍ਹਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਿਸ ਵਿਨਸ਼ੀ ਜਿੰਦਲ , ਨੋਡਲ ਟੀਚਰ ਪਲਵੀਕਾ ਅਤੇ ਸਕੂਲੀ ਬੱਚੇ ਹਾਜ਼ਰ ਸਨ।