- ਪੋਸ਼ਣ ਮਾਂਹ ਵਜੋਂ ਮਨਾਇਆ ਜਾ ਰਿਹਾ ਹੈ ਸਤੰਬਰ ਮਹੀਨਾ
ਫ਼ਤਹਿਗੜ੍ਹ ਸਾਹਿਬ, 10 ਸਤੰਬਰ 2024 : ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪੋਸ਼ਣ ਅਭਿਆਨ ਸਕੀਮ ਹੇਠ 30 ਸਤੰਬਰ ਤੱਕ "ਸੁਪੋਸ਼ਿਤ ਭਾਰਤ" ਥੀਮ ਅਧੀਨ ਪੋਸ਼ਣ ਮਾਂਹ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਪੋਸ਼ਣ ਮਾਂਹ ਬਾਰੇ ਲਾਭਪਾਤਰੀਆਂ ਦਾ ਪੋਸ਼ਣ ਪੱਧਰ ਉੱਚਾ ਚੁੱਕਣ ਅਤੇ ਸਿਹਤ ਸੁਧਾਰ ਸਬੰਧੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਲਈ ਪਿੰਡ ਤਰਖਾਣ ਮਾਜਰਾ ਦੇ ਆਂਗਨਵਾੜੀ ਕੇਂਦਰ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ 0-6 ਸਾਲ ਦੇ ਬੱਚਿਆਂ,ਗਰਭਵਤੀ ਔਰਤਾਂ, ਦੁੱਧ ਪਿਲਾਊ ਮਾਵਾਂ ਅਤੇ ਕਿਸ਼ੋਰੀਆਂ ਦੀ ਸਿਹਤ ਤੇ ਪੋਸ਼ਣ ਸਬੰਧਤ ਸੰਪੂਰਨ ਜਾਗਰੂਕਤਾ, ਨਿੱਜੀ ਸਵੱਛਤਾ, ਵਾਤਾਵਰਣ ਦੀ ਸਾਫ ਸਫਾਈ, ਕਿਚਨ- ਗਾਰਡਨਜ਼ ਦੀ ਬਣਤਰ ਆਦਿ ਵਿਸ਼ਿਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਆਂਗਣਵਾੜੀ ਵਰਕਰਾਂ ਵੱਲੋਂ ਆਪਣੇ ਘਰ ਤੋਂ ਖਾਣ ਪੀਣ ਦੀਆਂ ਵੱਖ-ਵੱਖ ਵਸਤਾਂ ਲਿਆ ਕੇ ਇੱਕ ਰੈਸਿਪੀ ਕਾਰਨਰ ਲਗਾਇਆ ਗਿਆ ਅਤੇ ਗਰਭਵਤੀ ਔਰਤਾਂ ਦੀ ਗੋਦ ਭਰਾਈ ਵੀ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸੀ.ਡੀ.ਪੀ.ਓ. ਸਰਹਿੰਦ ਕੋਮਲਪ੍ਰੀਤ ਕੌਰ, ਜ਼ਿਲ੍ਹਾ ਸਕੂਲ ਹੈਲਥ ਕੁਆਰਡੀਨੇਟਰ ਹਰਪਾਲ ਸਿੰਘ, ਬਲਾਕ ਕੁਆਰਡੀਨੇਟਰ ਹੇਮਲਤਾ ਤੋਂ ਇਲਾਵਾ ਪੋਸ਼ਣ ਅਭਿਆਨ ਅਧੀਨ ਬਲਾਕ ਕੁਆਰਡੀਨੇਟਰ, ਸੁਪਰਵਾਈਜ਼ਰਜ਼, ਆਂਗਨਵਾੜੀ ਵਰਕਰ, ਹੈਲਪਰਜ਼ ਤੇ ਲਾਭਪਾਤਰੀ ਹਾਜ਼ਰ ਸਨ।