
- ਕਰੀਬ 100 ਮੱਛੀ ਕਾਸ਼ਤਕਾਰਾਂ/ਵਿਕਰੇਤਾਵਾਂ ਨੇ ਕੀਤੀ ਸ਼ਮੂਲੀਅਤ
ਲੁਧਿਆਣਾ, 21 ਫਰਵਰੀ 2025 : ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ ਜਸਵੀਰ ਸਿੰਘ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਤਹਿਤ, ਮੱਛੀ ਪਾਲਣ ਵਿਭਾਗ, ਲੁਧਿਆਣਾ ਵੱਲੋਂ ਪ੍ਰਧਾਨ ਮੰਤਰੀ ਮਤਸਿਆ ਕਿਸਾਨ ਸਮਰਿਧੀ ਸਾਹ ਯੋਜਨਾ (ਪੀ.ਐਮ-ਐਮ.ਕੇ.ਐਸ.ਐਸ.ਵਾਈ.) ਦੇ ਪ੍ਰਚਾਰ ਅਤੇ ਨੈਸ਼ਨਲ ਫਿਸ਼ਰੀਜ ਡਿਜਿਟਲ ਪਲੇਟਫਾਰਮ 'ਤੇ ਰਜਿਸ਼ਟ੍ਰੇਸ਼ਨ ਕਰਨ ਲਈ ਸਰਕਾਰੀ ਮੱਛੀ ਪੂੰਗ ਫਾਰਮ, ਪਿੰਡ-ਮੋਹੀ, ਜਿਲ੍ਹਾ ਲੁਧਿਆਣਾ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਮੌਕੇ ਜ਼ਿਲ੍ਹਾ ਲੁਧਿਆਣਾ ਦੇ ਨਾਲ ਹੋਰ ਜਿਲ੍ਹਿਆਂ ਵਿੱਚੋ ਵੀ ਲਗਭਗ 100 ਮੱਛੀ ਵਿਕਰੇਤਾਵਾਂ ਅਤੇ ਮੱਛੀ ਕਾਸ਼ਤਕਾਰਾਂ ਨੇ ਇਸ ਪੋਰਟਲ https://nfdp.dof.gov.in 'ਤੇ ਰਜਿਸਟਰੇਸ਼ਨ ਕਰਵਾ ਕੇੇ ਆਪਣੇ ਆਪ ਨੂੰ ਕੇਂਦਰ ਨਾਲ ਜੋੜਿਆ ਹੈ। ਇਸ ਸਕੀਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਜਿਲ੍ਹਾ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਜਤਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਸੈਂਟਰਲ ਸੈਕਟਰ ਸਕੀਮ ਭਾਰਤ ਸਰਕਾਰ ਵੱਲੋਂ ਸਾਲ 2023-23 ਦੌਰਾਨ ਲਾਗੂ ਕੀਤੀ ਗਈ, ਜੋ ਕਿ ਸਾਲ 2026-27 ਤੱਕ ਇਸੇ ਤਰ੍ਹਾ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਸਾਰੇ ਹੀ ਮੱਛੀ ਕਾਸ਼ਤਕਾਰਾਂ/ਮੱਛੀ ਵਿਕਰੇਤਾਵਾ ਨੂੰ ਮੌਕੇ 'ਤੇ ਹੀ ਰਜਿਸਟਰ ਕਰਵਾ ਕੇ ਇਸ ਸਕੀਮ ਅਧੀਨ ਆਉਂਦੀਆਂ ਵੱਖ-ਵੱਖ ਗਤੀਵਿਧੀਆਂ ਦਾ ਲਾਭ ਦੇਣਾ ਹੈ ਜਿਸ ਵਿੱਚ ਵੱਖ-ਵੱਖ ਪ੍ਰੋਗਰਾਮਾਂ ਅਤੇ ਸਕੀਮਾਂ ਬਾਰੇ ਜਾਣਕਾਰੀ, ਸਿਖਲਾਈ, ਮੱਛੀ ਫਸਲ ਦਾ ਬੀਮਾ, ਪੋਟਰਲ ਰਾਹੀ ਲੋੜਵੰਦਾਂ ਦਾ ਲੋਨ ਅਪਲਾਈ ਕਰਨਾ ਆਦਿ ਸ਼ਾਮਲ ਹਨ। ਮੱਛੀ ਪਾਲਣ ਵਿਭਾਗ, ਲੁਧਿਆਣਾ ਦੇ ਸੀਨੀਅਰ ਮੱਛੀ ਪਾਲਣ ਅਫਸਰ ਸੁਖਵਿੰਦਰ ਕੌਰ ਅਤੇ ਮੱਛੀ ਪਾਲਣ ਅਫਸਰ ਲੁਧਿਆਣਾ ਮਮਤਾ ਸ਼ਰਮਾ ਵੱਲੋਂ ਸਮੂਹ ਮੱਛੀ ਕਾਸ਼ਤਕਾਰ ਅਤੇ ਮੱਛੀ ਵਿਕਰੇਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪੋਰਟਲ https://nfdp.dof.gov.in 'ਤੇ ਰਜਿਸ਼ਟਰੇਸ਼ਨ ਕਰਵਾ ਕੇ ਵੱਖ-ਵੱਖ ਸਕੀਮਾਂ ਦਾ ਲਾਭ ਲਿਆ ਜਾਵੇ। ਵਧੇਰੇ ਜਾਣਕਾਰੀ ਲਈ ਸਹਾਇਕ ਡਾਇਰਕੈਟਰ ਮੱਛੀ ਪਾਲਣ ਨਾਲ ਲਿੰਕ www.psfdb.in ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ।