- ਐਕਸੀਡੈਂਟਲ ਬੀਮਾ ਪਾਲਿਸੀ ਦੇ ਕੇਸ ਵਿੱਚ ਸਥਾਈ ਲੋਕ ਅਦਾਲਤ ਵੱਲੋਂ ਮਿਸਾਲੀ ਫੈਸਲਾ
ਫ਼ਤਹਿਗੜ੍ਹ ਸਾਹਿਬ, 07 ਸਤੰਬਰ 2024 : ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਵਿਖੇ ਜ਼ਿਲ੍ਹੇ ਦੇ ਪਿੰਡ ਨਲੀਨੀ ਦੇ ਵਾਸੀ ਗੁਰਨਾਮ ਸਿੰਘ, ਜਿਸ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਦੀ ਪਤਨੀ ਬਲਵਿੰਦਰ ਕੌਰ ਵੱਲੋਂ ਆਪਣੇ ਵਕੀਲ ਰਾਹੀਂ ਐਕਸੀਡੈਂਟਲ ਬੀਮਾ ਪਾਲਿਸੀ ਤਹਿਤ ਬਣਦੀ ਬੀਮੇ ਦੀ ਰਾਸ਼ੀ ਹਾਸਲ ਕਰਨ ਲਈ ਕੇਸ ਦਾਇਰ ਕੀਤਾ ਗਿਆ ਸੀ। ਇਸ ਕੇਸ ਦੀਆਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਥਾਈ ਲੋਕ ਅਦਾਲਤ ਨੇ ਮ੍ਰਿਤਕ ਗੁਰਨਾਮ ਸਿੰਘ ਦੀ ਪਤਨੀ ਦੇ ਹੱਕ ਵਿੱਚ ਮਿਸਾਲੀ ਫੈਸਲਾ ਸੁਣਾਉਂਦਿਆਂ 45 ਲੱਖ ਰੁਪਏ ਦੀ ਬੀਮਾ ਰਾਸ਼ੀ 20 ਜੂਨ 2021 ਤੋਂ 9 ਫੀਸਦੀ ਵਿਆਜ਼ ਸਹਿਤ ਦੇਣ ਲਈ ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ਼ ਕੰਪਨੀ ਨੂੰ ਆਦੇਸ਼ ਜਾਰੀ ਕੀਤੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਦੀਪਤੀ ਗੋਇਲ ਨੇ ਦੱਸਿਆ ਕਿ ਸਥਾਈ ਲੋਕ ਅਦਾਲਤ ਨੇ ਅਰਜ਼ੀਕਰਤਾ ਨੂੰ 5000 ਰੁਪਏ ਦਾ ਮੁਆਵਜ਼ਾ ਅਤੇ 5000 ਰੁਪਏ ਕੇਸ ਦੀ ਪੈਰਵੀ 'ਤੇ ਆਏ ਖਰਚੇ ਦੀ ਰਕਮ ਦੇਣ ਦੇ ਵੀ ਆਦੇਸ਼ ਜਾਰੀ ਕੀਤੇ ਹਨ। ਵਰਨਣਯੋਗ ਹੈ ਕਿ ਅਰਜ਼ੀਕਰਤਾ ਦੇ ਵਕੀਲ ਨੇ ਦੱਸਿਆ ਕਿ ਗੁਰਨਾਮ ਸਿੰਘ ਨੇ 20 ਜੂਨ 2021 ਨੂੰ ਕਰੀਬ 9:00 ਵਜੇ ਸਵੇਰੇ ਆਨਲਾਈਨ ਮੋਡ ਰਾਹੀਂ 3531 ਰੁਪਏ ਦੇ ਪ੍ਰੀਮੀਅਮ ਦੀ ਰਕਮ ਭਰਕੇ ਐਕਸੀਡੈਂਟਲ ਇੰਸ਼ੋਰੈਂਸ਼ ਪਾਲਿਸੀ ਲੈਣ ਲਈ ਤਜਵੀਜ਼ ਫਾਰਮ ਭਰ ਕੇ ਸਟਾਰ ਹੈਲਥ ਅਤੇ ਅਲਾਈਡ ਇੰਸ਼ੋਰੈਂਸ਼ ਕੰਪਨੀ ਨੂੰ ਭੇਜਿਆ। ਕੰਪਨੀ ਦੇ ਸੀਨੀਅਰ ਮੈਨੇਜਰ ਨੇ ਆਪਣੇ ਹਲ਼ਫੀਆ ਬਿਆਨ ਵਿੱਚ ਇਸ ਗੱਲ ਨੂੰ ਮੰਨਿਆ ਹੈ ਕਿ ਕੰਪਨੀ ਨੇ ਬੀਮੇ ਦੀ ਰਕਮ ਵਸੂਲ ਪਾਈ ਅਤੇ 20 ਜੂਨ 2021 ਨੂੰ 09:22:40 ਵਜੇ ਸਵੇਰੇ ਤਜਵੀਜ਼ ਨੂੰ ਗੁਰਨਾਮ ਸਿੰਘ ਦੇ ਮੋਬਾਇਲ ਨੰ. ਤੇ ਓ.ਟੀ.ਪੀ ਭੇਜ ਕੇ ਸਵੀਕਾਰ ਕੀਤਾ ਅਤੇ 09:32 ਵਜੇ ਪਾਲਿਸੀ ਜਨਰੇਟ ਕੀਤੀ ਗਈ। ਸ਼੍ਰੀਮਤੀ ਦੀਪਤੀ ਗੋਇਲ ਨੇ ਦੱਸਿਆ ਕਿ ਬੀਮਾ ਕੰਪਨੀ ਨੇ ਐੱਫ.ਆਈ.ਆਰ. ਵਿੱਚ ਦੱਸੇ ਗੁਰਨਾਮ ਸਿੰਘ ਦੀ ਮੌਤ ਦੇ ਸਮੇਂ ਕਰੀਬ 09:30 ਵਜੇ ਨੂੰ ਧਿਆਨ ਵਿੱਚ ਰੱਖ ਕੇ ਬੀਮੇ ਦਾ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਰਜ਼ੀਕਰਤਾ ਦੇ ਵਕੀਲ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਕਰੀਬ 09:30 ਵਜੇ ਸੜਕ ਹਾਦਸਾ ਵਾਪਰਨ ਤੋਂ ਬਾਅਦ ਗੁਰਨਾਮ ਸਿੰਘ ਨੂੰ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਲਿਜਾਇਆ ਜਾਂਦਾ ਹੈ, ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ਼ਾਂ ਨੂੰ ਕਿਸੇ ਵੀ ਤਰ੍ਹਾਂ ਇਹ ਸਿੱਧ ਨਹੀਂ ਹੁੰਦਾ ਹੈ ਕਿ ਗੁਰਨਾਮ ਸਿੰਘ ਦੀ ਮੌਤ 09:32 ਵਜੇ ਤੋਂ ਪਹਿਲਾਂ ਹੋ ਗਈ ਸੀ। ਇਸ ਲਈ ਸਾਰੇ ਦਸਤਾਵੇਜ਼ੀ ਸਬੂਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਰਜ਼ੀਕਰਤਾ ਬਲਵਿੰਦਰ ਕੌਰ ਜੋ ਕਿ ਮ੍ਰਿਤਕ ਗੁਰਨਾਮ ਸਿੰਘ ਦੀ ਪਤਨੀ ਹੈ ਅਤੇ ਪਾਲਿਸੀ ਵਿੱਚ ਵੀ ਨਾਮਜ਼ਦ ਸੀ, ਨੂੰ ਬੀਮਾ ਰਾਸ਼ੀ ਦੇਣ ਲਈ ਐਵਾਰਡ ਪਾਸ ਕੀਤਾ ਗਿਆ।