ਮਾਲੇਰਕੋਟਲਾ 04 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਤੋਂ ਮੁਕਤ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਨਗਰ ਕੌਂਸਲ ਮਾਲੇਰਕੋਟਲਾ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਮਨਿੰਦਰ ਪਾਲ ਰੰਧਾਵਾ ਅਤੇ ਐਸ.ਡੀ.ਓ. ਪ੍ਰਦੂਸ਼ਣ ਕੰਟਰੋਲ ਬੋਰਡ ਸ਼੍ਰੀ ਰੂਥਲ ਗੋਇਲ ਦੀ ਅਗਵਾਈ ਹੇਠ ਸੈਨੇਟਰੀ ਇੰਸਪੈਕਟਰ ਸ੍ਰੀ ਦੀਪਕ ਕੁਮਾਰ, ਸੈਨੇਟਰੀ ਸੁਪਰਵਾਈਜ਼ਰ ਸ਼੍ਰੀ ਪਰਮਜੀਤ ਸਿੰਘ , ਸ਼੍ਰੀ ਰੋਹਿਤ, ਸ੍ਰੀਮਤੀ ਸੀ. ਐਫ ਰਾਜਪਾਲ ਕੌਰ ਨਾਲ ਮਿਲ ਕੇ ਮਾਲੇਰਕੋਟਲਾ ਦੇ ਬਜ਼ਾਰਾਂ ਵਿਚੋਂ ਅਚਨਚੇਤ ਚੈਕਿੰਗ ਕੀਤੀ । ਚੈਕਿੰਗ ਦੌਰਾਨ ਕਰੀਬ 75 ਕਿੱਲੋ ਪਲਾਸਟਿਕ ਦੇ ਪਾਬੰਦੀ ਸ਼ੁਦਾ ਕੈਰੀ ਬੈਗਜ਼ ਜ਼ਬਤ ਕੀਤੇ ਗਏ। ਕਾਰਜ ਸਾਧਕ ਅਫ਼ਸਰ ਸ੍ਰੀ ਮਨਿੰਦਰ ਪਾਲ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੇ ਸਮਾਨ ਦੇ ਭੰਡਾਰ, ਵਿੱਕਰੀ ਤੇ ਖ਼ਰੀਦੋ ਫ਼ਰੋਖ਼ਤ ਲਈ ਵਰਤੇ ਜਾਣ ’ਤੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਜਿਹੜੇ ਵਿਅਕਤੀ ਜਾਣਬੁੱਝ ਕੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਨਿਰੰਤਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪਾਬੰਦੀ ਸ਼ੁਦਾ ਪਲਾਸਟਿਕ ਲਿਫਾਫੀਆਂ ਦੀ ਜਗ੍ਹਾ ਤੇ ਆਲੂ ਅਤੇ ਮੱਕੀ ਦੇ ਸਟਾਰਚ , ਜੂਟ ਆਦਿ ਤੋਂ ਬਣੇ ਕੈਰੀ ਬੈਗਾਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ ।