ਮੋਗਾ : ਗੁਰੂ ਨਗਰੀ 'ਚ ਸ਼ੁੱਕਰਵਾਰ ਨੂੰ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਮਾਮਲੇ ਨਾਲ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਜੁੜ ਰਿਹਾ ਹੈ। ਸ਼ੁੱਕਰਵਾਰ ਸਵੇਰੇ ਪੁਲਿਸ ਨੇ ਅੰਮ੍ਰਿਤਸਰ ਤੇ ਬਟਾਲਾ 'ਚ ਹਿੰਦੂ ਆਗੂਆਂ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਸੀ ਤਾਂ ਜੋ ਸਥਿਤੀ ਕਾਬੂ ਹੇਠ ਰਹੇ। ਨਾਲ ਹੀ ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੋਗਾ ਦੇ ਪਿੰਡ ਸਿੰਘਾਂ ਵਾਲਾ ਵਿਖੇ ਡੇਰਾ ਭਾਈ ਸੇਵਾ ਸਿੰਘ 'ਚ ਸਿੱਖ ਨੌਜਵਾਨ ਆਗੂ ਅੰਮ੍ਰਿਤਪਾਲ ਸਿੰਘ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ। 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੈਂਬਰ ਸੁਖਰਾਜ ਸਿੰਘ ਨੇ ਇਹ ਦਾਅਵਾ ਕੀਤਾ ਹੈ। ਡੇਰੇ 'ਚ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਇਥੇ ਇਹ ਵੀ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਜਲੰਧਰ ਵਿਖੇ ਇਕ ਸਮਾਗਮ ਵਿਚ ਪਹੰਚਣਾ ਸੀ। ਅੰਮ੍ਰਿਤਪਾਲ ਸਿੰਘ ਦੇ ਇਕ ਰਿਸਤੇਦਾਰ ਨੇ ਅੰਮ੍ਰਿਤਪਾਲ ਸਿੰਘ ਨੂੰ ਨਜਰਬੰਦ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ, ਉਨ੍ਹਾਂ ਕਿਹਾ ਕਿ ਪੁਲਿਸ ਨੈ ਅਪੀਲ ਕੀਤੀ ਕਿ ਤੁਸੀਂ ਜਲੰਧਰ ਨਹੀਂ ਜਾ ਸਕਦੇ। ਗੁਰੂ ਨਗਰੀ 'ਚ ਸ਼ੁੱਕਰਵਾਰ ਨੂੰ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਸਰ ਦੇ ਹਿੰਦੂ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਹੈ। ਸ਼ਿਵ ਸੈਨਿਕਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਹਿੰਦੂ ਆਗੂਆਂ ਤੇ ਸ਼ਿਵ ਸੈਨਿਕਾਂ ਨੂੰ ਉਨ੍ਹਾਂ ਦੇ ਘਰਾਂ 'ਚ ਬੰਦ ਕਰ ਦਿੱਤਾ ਹੈ ਤਾਂ ਜੋ ਸ਼ਹਿਰ 'ਚ ਹਾਲਾਤ ਨਾ ਵਿਗੜਨ। ਸ਼ਿਵ ਸੈਨਿਕਾਂ ਨੇ ਦੱਸਿਆ ਕਿ ਸਰਕਾਰ ਤੇ ਪੁਲਿਸ ਦਾ ਅਜਿਹਾ ਰਵੱਈਆ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਅੱਜ ਬਟਾਲਾ ਮੁਕੰਮਲ ਤੌਰ ’ਤੇ ਬੰਦ ਰਿਹਾ। ਸਾਰੀਆਂ ਦੁਕਾਨਾਂ, ਸਕੂਲ ਬੰਦ ਹਨ ਜਦਕਿ ਬੈਂਕ ਖੁੱਲ੍ਹੇ ਹਨ। ਹਾਲਾਂਕਿ ਅੱਧੇ ਸ਼ਟਰ ਬੰਦ ਕਰ ਕੇ ਬੈਂਕਾਂ ਦੇ ਅੰਦਰ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਕੁਝ ਨੇਤਾਵਾਂ ਨੂੰ ਹਿਰਾਸਤ 'ਚ ਲਏ ਜਾਣ ਦੀ ਵੀ ਸੂਚਨਾ ਮਿਲ ਰਹੀ ਹੈ। ਪੂਰੇ ਸ਼ਹਿਰ 'ਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਸਮੇਂ ਸ਼ਹਿਰ 'ਚ ਸ਼ਾਂਤਮਈ ਬੰਦ ਦਾ ਸਮਰਥਨ ਮਿਲਿਆ ਹੈ।