ਲੁਧਿਆਣਾ, 14 ਮਈ : ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਦੇ ਨਾਂ ਇੱਕ ਚਿੱਠੀ ਚ ਕਿਹਾ ਹੈ ਕਿ ਉਹ 16 ਨਵੰਬਰ 1915 ਨੂੰ ਫਾਂਸੀ ਚੜ੍ਹੇ ਸੂਰਮੇ ਗਦਰ ਪਾਰਟੀ ਦੇ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ ਛੁੱਟੀ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਲ ਏਸੇ ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਉਨ੍ਹਾਂ ਦੇ ਹੋਰ ਛੇ ਸਾਥੀਆਂ ਨੂੰ ਵੀ ਉਸੇ ਦਿਨ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਤਖ਼ਤੇ ਤੇ ਚੜ੍ਹਾਇਆ ਗਿਆ ਸੀ, ਉਨ੍ਹਾਂ ਦਾ ਨਾਮ ਵੀ ਨੋਟੀਫੀਕੇਸ਼ਨ ਵਿੱਚ ਸ਼ਾਮਿਲ ਕੀਤਾ ਜਾਵੇ। ਪ੍ਰੋਃ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਤੇ ਸਾਥੀ ਕੈਬਨਿਟ ਸਾਥੀਆਂ ਦਾ ਇਸ ਗੱਲੋਂ ਸੁਆਗਤ ਕੀਤਾ ਹੈ ਕਿ ਆਜ਼ਾਦੀ ਦੇ 75ਵੇਂ ਸਾਲ ਵਿੱਚ ਇਹ ਕੰਮ ਭਾਰਤ ਸਰਕਾਰ ਨੂੰ ਕਰਨਾ ਚਾਹੀਦਾ ਸੀ, ਕਿਉਂਕਿ ਜੰਗੇ ਆਜ਼ਾਦੀ ਵਿੱਚ ਸੱਤ ਸੂਰਮੇ ਇਕੱਠੇ ਪਹਿਲੀ ਵਾਰ 16 ਨਵੰਬਰ 1915 ਨੂੰ ਹੀ ਫਾਂਸੀ ਚੜ੍ਹੇ ਸਨ। ਇਹ ਸਰਕਾਰੀ ਛੁੱਟੀ ਕਰਕੇ ਪੰਜਾਬ ਸਰਕਾਰ ਨੇ ਲੋਕ ਭਾਵਨਾ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਾਥੀ ਛੇ ਸ਼ਹੀਦਾਂ ਦਾ ਨਾਮ ਵੀ ਛੁੱਟੀ ਵਾਲੇ ਨੋਟੀਫੀਕੇਸ਼ਨ ਵਿੱਚ ਸ਼ਾਮਿਲ ਕੀਤਾ ਜਾਵੇ। ਇਨ੍ਹਾਂ ਸ਼ਹੀਦਾਂ ਦੇ ਨਾਮ ਸ਼ਹੀਦ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ (ਤਰਨ ਤਾਰਨ) ਸ਼ਹੀਦ ਭਾਈ ਬਖਸ਼ੀਸ਼ ਸਿੰਘ, ਸ਼ਹੀਦ ਭਾਈ ਸੁਰਾਇਣ ਸਿੰਘ (ਵੱਡਾ) ,ਸ਼ਹੀਦ ਭਾਈ ਸੁਰਾਇਣ ਸਿੰਘ (ਛੋਟਾ) ਵੀ ਸਨ। ਪਿਛਲੇ ਤਿੰਨੇ ਸ਼ਹੀਦ ਪਿੰਡ ਗਿੱਲਵਾਲੀ(ਅੰਮ੍ਰਿਤਸਰ ) ਦੇ ਹਨ। ਸ਼ਹੀਦ ਹਰਨਾਮ ਸਿੰਘ ਸਿਆਲਕੋਟੀ (ਪਿੰਡ ਭੱਟੀ ਗੁਰਾਇਆ) ਸਿਆਲਕੋਟ) ਤੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਤਾਲੇਗਾਉਂ (ਪੂਨਾ) ਮਹਾਂਰਾਸ਼ਟਰਾ ਦੇ ਸਨ। ਪ੍ਰੋ. ਗਿੱਲ ਨੇ ਕਿਹਾ ਹੈ ਕਿ ਆਜ਼ਾਦੀ ਸੰਗਰਾਮ ਦੇ ਇਨ੍ਹਾਂ ਸੱਤ ਸੂਰਮਿਆਂ ਨੂੰ 1947 ਤੋਂ ਬਾਦ ਅੱਜ ਤੀਕ ਕਦੇ ਵੀ ਸਰਕਾਰੀ ਪੱਧਰ ਤੇ ਇੱਕਠਿਆਂ ਯਾਦ ਨਹੀਂ ਕੀਤਾ ਗਿਆ।ਮੈਂ ਆਸ ਕਰਾਂਗਾ ਕਿ ਇਸ ਸਾਲ 16 ਨਵੰਬਰ 2023 ਨੂੰ ਇਨ੍ਹਾਂ ਸੱਤ ਸੂਰਮਿਆਂ ਦੇ ਸ਼ਹੀਦੀ ਦਿਵਸ ਮੌਕੇ ਸਾਰੇ ਸ਼ਹੀਦਾਂ ਨੂੰ ਸਰਕਾਰੀ ਤੇ ਜਨਤਰ ਪੱਧਰ ਤੇ ਇੱਕਠਿਆਂ ਚੇਤੇ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਹੈ ਕਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਇਨ੍ਹਾਂ ਸਾਰੇ ਸ਼ਹੀਦਾਂ ਦੇ ਚਿਤਰ ਤਿਆਰ ਕਰਵਾ ਲਏ ਹਨ। ਜੇ ਸਰਕਾਰ ਠੀਕ ਸਮਝੇ ਤਾਂ ਇਹ ਚਿਤਰ ਪੰਜਾਬ ਸਰਕਾਰ ਨੂੰ ਭੇਂਟ ਕੀਤੇ ਜਾ ਸਕਦੇ ਹਨ ਤਾਂ ਜੋ ਸਾਂਝਾ ਪੋਸਟਰ ਜਾਰੀ ਹੋ ਸਕੇ। ਪ੍ਰੋਃ ਗਿੱਲ ਨੇ ਇਹ ਵੀ ਕਿਹਾ ਹੈ ਕਿ ਸਰਕਾਰੀ ਇਸ਼ਤਿਹਾਰਾਂ ਅਤੇ ਹੋਰ ਪ੍ਰਕਾਸ਼ਨਾਵਾਂ ਵਿਚ ਵੀ ਇਨ੍ਹਾਂ ਸੱਤ ਸੂਰਮਿਆਂ ਨੂੰ ਇਕਠਿਆਂ ਯਾਦ ਕਰਨ ਲਈ ਵੀ ਲੋੜੀਂਦੇ ਆਦੇਸ਼ ਜਾਰੀ ਕੀਤੇ ਜਾਣ ਤਾਂ ਸੱਚੀ ਤੇ ਸਹੀ ਸ਼ਰਧਾਂਜਲੀ ਹੋਵੇਗੀ।