- ਕਾਂਗਰਸ ਦਾ ਉਮੀਦਵਾਰ ਲੁਧਿਆਣਾ ਤੋਂ ਬਾਹਰੀ ਅਤੇ ਪਾਰਟੀ ਤੋਂ ਬਾਹਰੀ ਨਾ ਹੋਵੇ
- ਕਾਂਗਰਸ ਹਾਈਕਮਾਂਡ ਫੈਸਲੇ ਤੋਂ ਪਹਿਲਾਂ ਲੁਧਿਆਣਾ ਦੇ ਕਾਂਗਰਸੀਆਂ ਦੀ ਰਾਏ ਲਵੇ
- ਰਾਹੁਲ ਗਾਂਧੀ ਦੀ ਸੋਚ ਦਾ ਧਿਆਨ ਰੱਖਦੇ ਹੋਏ ਪੰਜਾਬ ਵਿੱਚ ਓ.ਬੀ.ਸੀ. ਨੂੰ ਤਿੰਨ ਸੀਟਾਂ ਲੋਕ ਸਭਾ ਦੀਆਂ ਦਿੱਤੀਆਂ ਜਾਣ
ਲੁਧਿਆਣਾ, 10 ਅਪ੍ਰੈਲ : ਲੋਕ ਸਭਾ ਚੋਣਾਂ ਸਬੰਧੀ ਚਰਚਾ ਹਰ ਜਾਗਰੂਕ ਸ਼ਹਿਰੀ ਕਰ ਰਿਹਾ ਹੈ ਅਤੇ ਲੁਧਿਆਣਾ ਦੇ ਨੁਮਾਇੰਦੇ ਬਾਰੇ ਕਹਿ ਰਿਹਾ ਹੈ। ਐਸਾ ਨੁਮਾਇੰਦਾ ਹੋਵੇ ਜੋ ਆਮ ਲੋਕਾਂ ਨੂੰ ਮਿਲ ਸਕੇ ਅਤੇ ਕਿਸਾਨ ਵਿਉਪਾਰੀ, ਕਾਰਖਾਨੇਦਾਰ, ਦੁਕਾਨਦਾਰ, ਮੁਲਾਜ਼ਮਾਂ, ਮਜ਼ਦੂਰ, ਯੂਥ ਦੀ ਸਮੱਸਿਆ ਨੂੰ ਸੱਚੇ ਦਿਲੋਂ ਸਮਝਦਾ ਹੋਵੇ ਅਤੇ ਹੱਲ ਕਰਵਾਉਣ ਲਈ ਸਮਰਪਿਤ ਹੋਵੇ। ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਵਿਭਾਗ ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕਹੇ। ਬਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਚੋਣ ਸਮੇਂ ਕਾਂਗਰਸ ਹਾਈਕਮਾਂਡ ਇਸ ਗੱਲ ਦਾ ਧਿਆਨ ਰੱਖੇ ਕਿ ਉਮੀਦਵਾਰ ਕਾਂਗਰਸੀ ਵਰਕਰਾਂ ਵਿੱਚੋਂ ਹੋਵੇ, ਹਮੇਸ਼ਾ ਪਾਰਟੀ ਲਈ ਪੱਕਾ ਰਿਹਾ ਹੋਵੇ, ਲੁਧਿਆਣਾ ਤੋਂ ਬਾਹਰੀ ਨਾ ਹੋਵੇ। ਕੰਮ, ਕੁਰਬਾਨੀ ਅਤੇ ਸਨਿਓਰਟੀ ਦੇ ਮਾਪਦੰਡ 'ਤੇ ਪੂਰਾ ਖਰਾ ਉਤਰਦਾ ਹੋਵੇ। ਇਹ ਨਾ ਹੋਵੇ ਕਿ ਸਕਾਈਲੈਬ ਬਣ ਕੇ ਬਾਹਰੀ ਉਮੀਦਵਾਰ ਲੁਧਿਆਣਾ ਨਿਵਾਸੀਆਂ ਅਤੇ ਕਾਂਗਰਸੀ ਵਰਕਰਾਂ ਤੋਂ 'ਤੇ ਥੋਪਿਆ ਜਾਵੇ। ਉਹਨਾ ਕਿਹਾ ਕਿ ਉਹ ਇਹ ਸਭ ਕਾਂਗਰਸ ਹਾਈਕਮਾਂਡ ਦੇ ਧਿਆਨ ਹਿੱਤ ਨਿਮਰਤਾ ਸਹਿਤ ਲਿਆਉਣਾ ਚਾਹੁੰਦੇ ਹਨ। ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ ਅਨੁਸਾਰ ਓ.ਬੀ.ਸੀ. ਦੇ ਲੋਕਾਂ ਨੂੰ ਪੰਜਾਬ ਅੰਦਰ ਘੱਟੋ ਘੱਟ ਤਿੰਨ ਸੀਟਾਂ ਲੋਕ ਸਭਾ ਦੀਆਂ ਦਿੱਤੀਆਂ ਜਾਣ ਕਿਉਂਕਿ ਪੰਜਾਬ ਵਿੱਚ 71 ਜਾਤੀਆਂ ਓ.ਬੀ.ਸੀ. ਨਾਲ ਸੰਬੰਧਿਤ ਹਨ ਅਤੇ 42% ਵੋਟ ਓ.ਬੀ.ਸੀ. ਦੀ ਹੈ। ਜੇਕਰ ਸਾਰੇ ਪੱਖਾਂ ਨੂੰ ਕਾਂਗਰਸ ਹਾਈ ਕਮਾਂਡ ਧਿਆਨ ਵਿੱਚ ਰੱਖੇਗੀ ਤਦ ਹੀ ਜਿੱਤ ਦੇ ਕਦਮ ਅੱਗੇ ਵਧਦੇ ਜਾਣਗੇ। ਉਹਨਾਂ ਕਿਹਾ ਕਿ ਕਾਂਗਰਸ ਹੀ ਹੈ ਜੋ ਸਭ ਧਰਮਾਂ, ਜਾਤੀਆਂ, ਭਾਸ਼ਾਵਾਂ, ਪਹਿਰਾਵਿਆਂ ਦਾ ਸਤਕਾਰ ਕਰਦੀ ਹੈ ਅਤੇ ਸੈਕੂਲਰ ਸੋਚ ਦੀ ਧਾਰਨੀ ਹੈ।