ਜਗਰਾਉਂ, 14 ਮਈ : ਪੀੜ੍ਹਤ ਮਾਂ ਨੇ ਅੱਜ ਕੌਮਾਂਤਰੀ "ਮਦਰਜ਼ ਡੇ" 'ਤੇ ਪੁਲਿਸ ਅੱਤਿਆਚਾਰਾਂ ਦੀ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਚਲੀ ਗਈ ਮਰਹੂਮ ਨੌਜਵਾਨ "ਧੀ" ਅਤੇ ਫੌਜੀ ਪੁੱਤ ਦੀ ਫੋਟੋ ਫੜ ਕੇ ਇੱਕ ਵਾਰ ਫਿਰ ਨਿਆਂ ਦੇਣ ਦੀ ਗੁਹਾਰ ਲਗਾਈ ਹੈ। ਪ੍ਰੈਸ ਨੂੰ ਜਾਰੀ ਬਿਆਨ 'ਚ ਖੁਦ ਪੀੜ੍ਹਤਾ ਅਤੇ ਮਰਹੂਮ ਨੌਜਵਾਨ ਧੀ-ਪੁੱਤ ਦੀ ਗੈਰਕਦਰਤੀ ਮੌਤ ਲਈ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਰਾਜ ਦੇ ਰਾਜਪਾਲ ਅਤੇ ਭਾਰਤ ਦੇ ਰਾਸ਼ਟਰਪਤੀ ਤੋਂ ਨਿਆਂ ਮੰਗਿਆ ਹੈ। ਪੀੜ੍ਹਤਾ ਨੇ ਅੱਗੇ ਦੱਸਿਆ ਕਿ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਤੇ ਰਾਜਵੀਰ ਨੇ ਅੱਧੀ ਰਾਤ ਨੂੰ ਉਸ ਨੂੰ ਅਤੇ ਉਸ ਦੀ ਧੀ ਨੂੰ ਅਗਵਾ ਕਰਕੇ, ਨਜ਼ਾਇਜ ਹਿਰਾਸਤ 'ਚ ਥਾਣੇ 'ਚ ਅੱਤਿਆਚਾਰ ਕੀਤਾ ਸੀ ਅਤੇ ਨੌਜਵਾਨ ਧੀ ਕੁਲਵੰਤ ਕੌਰ ਨੂੰ ਕਰੰਟ ਲਗਾਇਆ ਸੀ। ਜਿਸ ਕਾਰਨ ਕੁਲਵੰਤ ਕੌਰ ਨਕਾਰਾ ਜੋ ਕੇ ਮੌਤ ਦੇ ਮੂੰਹ ਚਲੀ ਗਈ ਸੀ। ਮਾਤਾ ਨੇ ਇਹ ਵੀ ਦੱਸਿਆ ਕਿ ਇਸ ਥਾਣਾਮੁਖੀ ਨੇ ਆਪਣੇ ਜ਼ੁਲਮਾਂ ਨੂੰ ਛੁਪਾਉਣ ਲਈ ਉਸ ਦੇ ਪੁੱਤਰ ਅਤੇ ਵੱਡੀ ਨੂੰਹ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ ਸੀ। ਪੀੜ੍ਹਤ ਮਾਤਾ ਅਨੁਸਾਰ ਪੁਲਿਸ ਨੇ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕਰ ਲਿਆ ਸੀ ਪਰ ਅੱਜ ਤੱਕ ਗ੍ਰਿਫਤਾਰੀ ਨਹੀਂ ਪਾਈ ਗਈ।ਜ਼ਿਕਰਯੋਗ ਹੈ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪੀੜ੍ਹਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਇਨਸਾਫ਼ ਪਸੰਦ ਲੋਕਾਂ ਵਲੋਂ ਪਿਛਲੇ ਡੇਢ ਸਾਲ ਥਾਣੇ ਮੂਹਰੇ ਪੱਕਾ ਧਰਨਾ ਲਗਾਇਆ ਹੋਇਆ ਹੈ ਅਤੇ ਡੇਢ ਸਾਲ ਵਿੱਚ ਪੀੜ੍ਹਤਾ ਦੇ ਫੌਜੀ ਪੁੱਤਰ ਸਮੇਤ 4 ਧਰਨਾਕਾਰੀ ਵੀ ਸ਼ਹੀਦ ਹੋ ਚੁੱਕੇ ਹਨ, ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ।