ਲੁਧਿਆਣਾ, 4 ਜਨਵਰੀ : ਸ਼ਹਿਰ ’ਚ ਕਾਤਲ ਮੰਨੀ ਜਾਣ ਵਾਲੀ ਪਲਾਸਟਿਕ (ਚੀਨੀ) ਡੋਰ ਵੇਚਣ ਵਾਲਿਆਂ ਖਿਲਾਫ਼ ਪੁਲਿਸ ਦੀ ਕਾਰਵਾਈ ਸਿਰਫ਼ ਬੈਨਰਾਂ ਤੱਕ ਸਿਮਟ ਕੇ ਰਹਿ ਗਈ ਹੈ। ਪੁਲਿਸ ਨੇ ਡੋਰ ਨਾ ਵੇਚਣ ਦੇ ਬੈਨਰ ਪਤੰਗ ਮਾਰਕੀਟ ਵਿੱਚ ਲਗਾ ਦਿੱਤੇ ਹਨ। ਪਰ ਡੋਰ ਵੇਚਣ ਵਾਲਿਆਂ ਨੇ ਹਾਈਟੈੱਕ ਤਰੀਕਾ ਵਰਤਦਿਆਂ ਚੀਨੀ ਡੋਰ ਦੀ ਆਨਲਾਈਨ ਵਿਕਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਦੇ ਹੱਥ ਹਾਲੇ ਛੋਟੇ ਦੁਕਾਨਦਾਰ ਹੀ ਲੱਗੇ ਹਨ। ਜਦਕਿ ਸੂਤਰਾਂ ਦੀ ਮੰਨੀਏ ਤਾਂ ਰੋਜ਼ਾਨਾਂ ਲੱਖਾਂ ਰੁਪਏ ਦੀ ਪਲਾਸਟਿਕ ਡੋਰ ਦੀ ਵਿਕਰੀ ਹੋ ਰਹੀ ਹੈ। ਪੁਲਿਸ ਦੇ ਹੱਥ ਪਿਛਲੇ ਦਿਨਾਂ ਵਿੱਚ ਇੱਕ ਵੱਡਾ ਪਤੰਗ ਦਾ ਵਪਾਰੀ ਚਿੰਟੂ ਲੱਗਿਆ ਸੀ, ਪਰ ਪੁਲਿਸ ਉਸ ਤੋਂ ਕੁਝ ਖਾਸ ਖੁਲਾਸੇ ਨਹੀਂ ਕਰਵਾ ਸਕੀ। ਲੁਧਿਆਣਾ ਪੁਲਿਸ ਨੇ ਦਰੇਸੀ ਮਰਾਕੀਟ ਵਿੱਚ ਪਤੰਗ ਵੇਚਣ ਵਾਲਿਆਂ ਦੀਆਂ ਦੁਕਾਨਾਂ ਦੇ ਬਾਹਰ ਬੈਨਰ ਲਾ ਦਿੱਤੇ ਹਨ ਕਿ ਪਲਾਸਟਿਕ ਡੋਰ ਨਾ ਵੇਚੀ ਜਾਵੇ। ਦੱਸ ਦੇਈਏ ਕਿ ਇਨ੍ਹਾਂ ਦੁਕਾਨਾਂ ’ਚ ਖਾਨਾਪੂਰਤੀ ਲਈ ਹੀ ਸਿਰਫ਼ ਪਤੰਗ ਤੇ ਕੁਝ ਮਾਂਝਾ ਧਾਗੇ ਦੀਆਂ ਚਰਖੜੀਆਂ ਪਈਆਂ ਹਨ। ਬੈਨ ਦੇ ਬਾਵਜੂਦ ਲਾਲਚੀ ਪਤੰਗ ਕਾਰੋਬਾਰੀਆਂ ਨੇ ਡੋਰ ਵੇਚਣ ਲਈ ਸ਼ੋਸ਼ਲ ਪਲੇਟਫਾਰਮਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਕਈ ਸੋਸ਼ਲ ਐਪਾਂ ਵੀ ਇਸ ਡੋਰ ਨੂੰ ਵੇਚ ਰਹੀਆਂ ਹਨ। ਡੋਰ ਦੇ ਗੱਟੂ ’ਤੇ ਫੋਟੋ ਆਦਿ ਲਾ ਕੇ ਨੌਜਵਾਨਾਂ ਨੂੰ ਖਿਚਿਆ ਜਾ ਰਿਹਾ ਹੈ। ਪੁਲਿਸ ਦਾ ਇਸ ਵੱਲ ਧਿਆਨ ਨਹੀਂ ਜਾ ਰਿਹਾ। ਪਤੰਗਬਾਜ਼ੀ ਦੇ ਸੀਜ਼ਨ ’ਚ ਇਸ ਪਲਾਸਟਿਕ ਦੀ ਡੋਰ ਨਾਲ ਇਨਸਾਨ, ਪਸ਼ੂ, ਪੰਛੀ ਜ਼ਖਮੀ ਹੋ ਰਹੇ ਹਨ। ਆਏ ਦਿਨ ਕਿਤੇ ਨਾ ਕਿਤੇ ਪੰਛੀਆਂ ਦਾ ਪਲਾਸਟਿਕ ਡੋਰ ਨਾਲ ਹਾਦਸਾ ਹੋ ਰਿਹਾ ਹੈ। ਪਲਾਸਟਿਕ ਦੀ ਬੈਨ ਡੋਰ ਦੁਕਾਨਾਂ ’ਤੇ ਭਾਵੇਂ ਘੱਟ ਵਿਕ ਰਹੀ ਹੈ, ਪਰ ਇਹੀ ਕਾਰੋਬਾਰੀ ਆਨਲਾਈਨ ਵਿਕਰੀ ਵੱਧ ਕਰ ਰਹੇ ਹਨ। ਸੋਸ਼ਲ ਪਲੈਟਫਾਰਮਾਂ ਵ੍ਹਟਸਐਪ, ਸਨੈਪਚੈਟ ਤੇ ਇੰਸਟਾਗ੍ਰਾਮ ਰਾਹੀਂ ਡੋਰ ਦੀ ਵਿਕਰੀ ਕੀਤੀ ਜਾ ਰਹੀ ਹੈ। ਕਾਰੋਬਾਰੀਆਂ ਦੇ ਕਰਿੰਦੇ ਇਹ ਡੋਰ ਘਰ ਤੱਕ ਡਲਿਵਰੀ ਦੇਣ ਵੀ ਆ ਰਹੇ ਹਨ। ਇਸ ਤੋਂ ਇਲਾਵਾ ਗੱਟੂ ਵੇਚਣ ਵਾਲੇ ਨੌਜਵਾਨਾਂ ਨੂੰ 100 ਰੁਪਏ ਵਾਲਾ ਗੱਟੂ 2 ਨੰਬਰ ’ਚ 500 ਰੁਪਏ ਤੱਕ ਵੇਚ ਰਹੇ ਹਨ। ਦੱਸ ਦੇਈਏ ਕਿ ਡੋਰ ਕਿਸੇ ਬ੍ਰਾਂਡ ਦੀ ਨਾ ਹੋ ਕੇ ਜਾਅਲੀ ਮਾਰਕਾ ਲਾ ਵੇਚੀ ਜਾ ਰਹੀ ਹੈ।