- ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਚੱਲ ਰਹੇ ਡੇਂਗੂ ਸੀਜਨ ਦੋਰਾਨ ਡੇਂਗੂ ਤੋਂ ਬਚਾਅ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ
- ਮੀਟਿੰਗ ਦੌਰਾਨ ਡੇਂਗੂ ਵਿਰੋਧੀ ਗਤੀਵਿਧੀਆਂ ਕਰਨ ਲਈ ਵੱਖ ਵੱਖ ਵਿਭਾਗਾਂ ਨੂੰ ਦਿੱਤੇ ਨਿਰਦੇਸ਼:
ਸ੍ਰੀ ਮੁਕਤਸਰ ਸਾਹਿਬ 9 ਸਤੰਬਰ 2024 : ਸ਼੍ਰੀ ਰਾਜੇਸ਼ ਤ੍ਰਿਪਾਠੀ ਆਈ.ਏ.ਐਸ. ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਚੱਲ ਰਹੇ ਬਰਸਾਤੀ ਸੀਜਨ ਦੌਰਾਨ ਡੇਂਗੂ ਤੋਂ ਬਚਾਅ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਲੋਕਾਂ ਨੂੰ ਡੇਂਗੁ ਅਤੇ ਮਲੇਰੀਆਂ ਦੇ ਬਚਾਅ ਲਈ ਡੇਂਗੂ ਵਿਰੋਧੀ ਗਤੀਵਿਧੀਆਂ ਅਮਲ ਵਿੱਚ ਲਿਆਂਦੀਆਂ ਜਾਣ ਤਾਂ ਜੋ ਲੋਕਾਂ ਨੂੰ ਇਸ ਡੇਂਗੂ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਬਰਸਾਤਾਂ ਕਾਰਨ ਨੀਵੀਆਂ ਥਾਵਾਂ ਜਾਂ ਕਬਾੜ ਆਦਿ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਡੇਂਗੂ ਫੈਲਾਉਣ ਵਾਲੇ ਮੱਛਰ ਪੈਦਾ ਹੋਣ ਦਾ ਅਤੇ ਡੇਂਗੂ ਫੈਲਣ ਦਾ ਖਤਰਾ ਬਣ ਜਾਂਦਾ ਹੈ, ਜੋ ਇੱਕ ਬਹੁਤ ਹੀ ਖਤਰਨਾਕ ਜੀਵ ਹੈ। ਉਹਨਾਂ ਸਾਰੇ ਨਗਰ ਕੌਂਸਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਆਪਣੇ ਏਰੀਏ ਵਿਚ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਖਾਸ ਤੌਰ ਤੇ ਹਾਈ ਰਿਸਕ ਏਰੀਏ ਵਿਚ ਫੋਗਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ । ਸਿਹਤ ਵਿਭਾਗ ਦੇ ਸਹਿਯੋਗ ਨਾਲ ਵਾਰਡ ਵਾਇਜ਼ ਜਾਗੁਰਕਤਾ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਜੇਕਰ ਕਿਤੇ ਵੀ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ ਤਾਂ ਉਨ੍ਹਾ ਦੀ ਚਲਾਨ ਕੱਟੇ ਜਾਣ। ਉਹਨਾਂ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਕਿ ਬੱਸ ਸਟੈਂਡਾਂ ਵਿਚ ਵਿਸ਼ੇਸ਼ ਸਾਫ ਸਫਾਈ ਰੱਖ ਜਾਵੇ ਅਤੇ ਵਰਕਸ਼ਾਪਾਂ ਵਿਚ ਪਏ ਪੁਰਾਣੇ ਟਾਇਰਾਂ ਵਿਚ ਬਾਰਿਸ਼ ਆਦਿ ਦਾ ਪਾਣੀ ਇੱਕਠਾ ਨਾ ਹੋਣ ਦਿੱਤਾ ਜਾਵੇ। ਉਹਨਾਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਕਿਹਾ ਕਿ ਪੇਂਡੂ ਏਰੀਏ ਵਿਚ ਨਰੇਗਾ ਮਜ਼ਦੂਰਾਂ ਦੀ ਸਹਾਇਤਾ ਨਾਲ ਨੀਵੀਆਂ ਥਾਵਾਂ ਤੇ ਕਾਲਾ ਤੇਲ ਪਵਾਇਆ ਜਾਵੇ। ਮੱਛਰ ਦੇ ਪੈਦਾ ਹੋਣ ਦੇ ਸਥਾਨ, ਖੜ੍ਹੇ ਪਾਣੀ ਦੇ ਸਰੋਤਾਂ ਆਦਿ ਤੇ ਮਿੱਟੀ ਪਵਾਈ ਜਾਵੇ ਅਤੇ ਪਿੰਡ ਦੀ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਰੱਖੀ ਜਾਵੇ, ਜੇਕਰ ਕਿਸੇ ਪਿੰਡ ਵਿੱਚ ਡੇਂਗੂ ਦੇ ਕੇਸ ਪਾਏ ਜਾਣ ਤਾਂ ਇਥੇ ਸਬੰਧਿਤ ਨਗਰ ਕੌਸਲਾਂ ਦੀ ਸਹਾਇਤਾਂ ਨਾਲ ਫੋਗਿੰਗ ਕਰਵਾਏ ਜਾਵੇ। ਉਹਨਾਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਅਤੇ ਕਲੋਰੀਨੇਟ ਕਰਕੇ ਸਪਲਾਈ ਕੀਤਾ ਜਾਵੇ। ਸੀਵਰੇਜ਼ ਦਾ ਪਾਣੀ, ਪੀਣ ਵਾਲੇ ਪਾਣੀ ਵਿਚ ਮਿਲਣ ਤੋਂ ਰੋਕਣ ਲਈ ਲੀਕਜ਼ ਪੁਆਇੰਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਜਿੱਥੇ ਵੀ ਪਾਣੀ ਦੀ ਲੀਕਜ ਹੁੰਦੀ ਹੈ ਉਸਨੂੰ ਤੁਰੰਤ ਬੰਦ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਨੂੰ ਡੇਂਗੂ, ਮਲੇਰੀਏ ਅਤੇ ਪੀਣ ਵਾਲੇ ਅਸ਼ੁੱਧ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਵੇਰ ਦੀ ਸਭਾ ਦੇ ਵਿਚ ਸਕੂਲੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਜਾਗਰੂਕਤਾਂ ਕੈਂਪ ਲਗਾਏ ਜਾਣ। ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡਾਂ ਅਤੇ ਜਨਤਕ ਥਾਵਾਂ,ਵਾਰਡ ਜਾਂ ਇਕੱਠਾਂ ਵਿਚ ਮਲੇਰੀਆਂ ਡੈਂਗੂ ਅਤੇ ਹੋਰ ਵੈਕਟਰ ਬੋਰਨ ਡਜ਼ੀਜ਼ ਦੇ ਫੈਲਣ ਅਤੇ ਬਚਾਅ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਵਾਉਣ ਦਾ ਪ੍ਰਬੰਧ ਕੀਤਾ ਜਾਵੇ । ਇਸ ਮੌਕੇ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜਿਲ੍ਹੇ ਸਾਰੇ ਸਿਵਿਲ ਹਸਪਤਾਲਾਂ ਵਿੱਚ ਡੇਂਗੂ ਵਾਰਡ ਬਣਾਏ ਗਏ ਹਨ ਅਤੇ ਲੋੜੀਦੀਆਂ ਦਵਾਈਆਂ ਅਤੇ ਹੋਰ ਸਾਜੋ ਸਮਾਨ ਦਾ ਪ੍ਰਬੰਧ ਕੀਤਾ ਗਿਆ ਹੈ। ਸ਼ਹਿਰੀ ਖੇਤਰਾਂ ਵਿਚ ਬ੍ਰੀਡਿੰਗ ਚੈਕਰਾਂ ਦੇ ਸਹਿਯੋਗ ਨਾਲ ਵੱਖ ਵੱਖ ਏਰੀਏ ਵਿਚ ਅਤੇ ਪੇਡੂ ਇਲਾਕੀਆ ਵਿੱਚ ਮੱਛਰਾਂ ਅਤੇ ਡੇਂਗੂ ਦੀ ਪੈਦਾਵਾਰ ਰੋਕਣ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਬਿਮਾਰੀਆਂ ਤੋ ਬਚਾਅ ਦੇ ਸਾਧਨਾ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਪੇਂਡੂ ਸਿਹਤ ਕਮੇਟੀਆਂ ਦੇ ਸਹਿਯੋਗ ਨਾਲ ਛੱਪੜਾਂ ਅਤੇ ਹੋਰ ਨੀਵੀਆਂ ਥਾਵਾਂ ਤੇ ਐਂਟੀ ਲਾਰਵੀਅਲ, ਕਾਲਾ ਤੇਲ ਪਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਪੈਸ਼ਲ ਫੀਵਰ ਸਰਵੇ ਹਾਈ ਰਿਸਕ ਏਰੀਏ ਅਤੇ ਸ਼ਹਿਰੀ ਏਰੀਏ ਵਿੱਚ ਕਰਵਾਇਆ ਜਾਵੇਗਾ। ਪਿੰਡਾਂ ਵਿੱਚ ਛੱਪੜਾਂ ਵਿੱਚ ਗੰਬੂਜੀਆਂ ਮੱਛੀਆਂ ਲਾਰਵੀਸਾਇਡਲ ਦਵਾਈਆਂ ਪਾਈਆਂ ਜਾ ਰਹੀਆਂ ਹਨ ਤਾਂ ਜੋ ਮੱਛਰ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ। ਹਰ ਸ਼ੁੱਕਰਵਾਰ ਡਰਾਈ ਡੇ ਤੌਰ ਤੇ ਮਨਾਇਆ ਜਾ ਰਿਹਾ ਹੈ ਤਾਂ ਜੋ ਡੇਂਗੂ ਮਲੇਰੀਆਂ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ,ਇਸ ਤੋਂ ਇਲਾਵਾ ਜਿਸ ਏਰੀਏ ਵਿਚ ਡੈਂਗੂ ਦਾ ਕੇਸ ਪੋਜਟਿਵ ਨਿਕਲਦਾ ਹੈ। ਉਹਨਾਂ ਏਰੀਏ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾ ਕਿਹਾ ਕਿ ਡੇਂਗੂ ਅਤੇ ਮਲੇਰੀਏ ਦਾ ਟੈਸਟ ਅਤੇ ਇਲਾਜ ਸਾਰੇ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਸੰਜੀਵ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਜਨਰਲ),ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਸ੍ਰੀ ਜਸਪਾਲ ਸਿੰਘ ਐਸ.ਡੀ.ਐਮ ਗਿੱਦੜਬਾਹਾ, ਜਿਲ੍ਹਾ ਐਪੀਡੀਮੋਲੋਜਿਸਟ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।