ਮਹਿਲ ਕਲਾਂ 27 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿੱਚ ਪਹਿਲੇ ਪੜਾਅ ਵਿੱਚ ਖੋਲ੍ਹੇ ਗਏ 100 ਆਮ ਆਦਮੀ ਕਲੀਨਿਕਾਂ ਦੀ ਸਫਲਤਾ ਤੋਂ ਬਾਅਦ ਸੂਬੇ ਵਿੱਚ 400 ਹੋਰ ਕਲੀਨਿਕ ਚਾਲੂ ਕਰ ਦਿੱਤੇ ਹਨ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ 'ਚ ਅੱਜ 7 ਨਵੇ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਹਨ, ਜਦਕਿ 8ਵਾਂ ਕਲੀਨਿਕ ਪਿੰਡ ਠੀਕਰੀਵਾਲਾ ਵਿਖੇ ਅਗਲੇ ਕੁਝ ਦਿਨਾਂ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 1.75 ਕਰੋੜ ਦੀ ਲਾਗਤ ਨਾਲ ਇਹ 7 ਕਲੀਨਿਕ ਸ਼ੁਰੂ ਕੀਤੇ ਗਏ ਹਨ ਤੇ ਇਸ ਸਕੀਮ ਤਹਿਤ ਪ੍ਰਾਇਮਰੀ ਸਿਹਤ ਕੇੰਦਰਾਂ ਦੀ ਮੁਰੰਮਤ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਲੀਨਿਕ ਦੇ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਿਲਣ ਲੱਗੀਆਂ ਹਨ। ਵਿਧਾਇਕ ਮਹਿਲ ਕਲਾਂ ਸ੍ਰੀ ਕੁਲਵੰਤ ਸਿੰਘ ਪੰਡੋਰੀ ਨੇ ਹਮੀਦੀ 'ਚ ਅਤੇ ਵਿਧਾਇਕ ਭਦੌੜ ਸ੍ਰੀ ਲਾਭ ਸਿੰਘ ਉਗੋਕੇ ਨੇ ਸਹਿਣਾ 'ਚ ਵੱਖ-ਵੱਖ ਮੁਹੱਲਾ ਕਲੀਨਿਕਾਂ ਦੇ ਉਦਘਾਟਨੀ ਸਮਾਰੋਹ ਵਿੱਚ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਮਿਸਾਲੀ ਤਬਦੀਲੀਆਂ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਆਮ ਆਦਮੀ ਕਲੀਨਿਕ ਸਿਹਤ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਸਾਬਿਤ ਹੋਣਗੇ। ਉਨ੍ਹਾਂ ਦੱਸਿਆ ਇਨ੍ਹਾਂ ਕਲੀਨਿਕਾਂ ਵਿੱਚ ਵੱਖ-ਵੱਖ ਤਰ੍ਹਾਂ ਦੇ 45 ਟੈਸਟ ਅਤੇ 75 ਤਰ੍ਹਾਂ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਹੋਣਗੀਆਂ। ਇਹ ਕਲੀਨਿਕ ਸਵੇਰੇ 9 ਤੋਂ 3 ਵਜੇ ਤੱਕ ਸਰਦੀਆਂ ਵਿੱਚ 8 ਤੋਂ 2 ਵਜੇ ਤੱਕ ਗਰਮੀਆਂ ਵਿੱਚ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹੇ ਰਹਿਣਗੇ। ਡਿਪਟੀ ਕਮਿਸ਼ਨਰ ਨੇ ਅੱਜ ਪਿੰਡ ਭੱਠਲਾਂ ਵਿਖੇ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤਾ। ਉਹਨਾਂ ਨਾਲ ਸਹਾਇਕ ਕਮਿਸ਼ਨਰ ਸ੍ਰੀ ਸੁਖਪਾਲ ਸਿੰਘ, ਸ੍ਰੀ ਰਾਮ ਤੀਰਥ ਮੰਨਾ ਤੇ ਹਸਨਪ੍ਰੀਤ ਭਾਰਦਵਾਜ ਹਾਜ਼ਰ ਸਨ। ਇਸ ਤੋਂ ਇਲਾਵਾ ਪਿੰਡ ਢਿੱਲਵਾਂ, ਰੂੜੇਕੇ, ਛਾਪਾ ਅਤੇ ਗਹਿਲ ਵਿਖੇ ਵੀ ਆਮ ਆਦਮੀ ਕਲੀਨਿਕ ਅੱਜ ਤੋਂ ਕਾਰਜਸ਼ੀਲ ਹੋ ਗਏ ਹਨ।