ਪੀ ਏ ਯੂ ਵਿਖੇ ਆਈ ਸੀ ਏ ਆਰ ਦੀ ਮਦਦ ਨਾਲ ਜਾਰੀ 21-ਦਿਨਾ ਦਰਦ ਰੁੱਤ ਸਕੂਲ ਸਮਾਪਤ ਹੋਇਆ 

ਲੁਧਿਆਣਾ 21 ਫਰਵਰੀ, 2025 : ਪੀ ਏ ਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਆਈ.ਸੀ.ਏ.ਆਰ. ਦੁਆਰਾ ਪ੍ਰਾਯੋਜਿਤ ਕੀਤਾ ਗਿਆ 21 ਰੋਜ਼ਾ ਸਰਦ ਰੁੱਤ ਸਿਖਲਾਈ ਸਕੂਲ ਸਫਲਤਾ ਨਾਲ ਆਪਣੇ ਸਿਖ਼ਰ ਤੇ ਪੁੱਜਿਆ। ਸਮਾਪਤੀ ਸਮਾਰੋਹ ਵਿਚ ਵਿੱਚ ਪੀਏਯੂ ਦੇ ਨਿਰਦੇਸ਼ਕ ਖੋਜ ਡਾ  ਅਜਮੇਰ ਸਿੰਘ ਢੱਟ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਨੇ ਸਰਦ ਰੁੱਤ ਸਿਖਲਾਈ ਸਕੂਲ ਦੇ ਸਫਲ ਆਯੋਜਨ ਲਈ ਭਾਗੀਦਾਰਾਂ ਅਤੇ ਆਯੋਜਕਾਂ ਦੀ ਸ਼ਲਾਘਾ ਕੀਤੀ। ਡੀਨ, ਖੇਤੀਬਾੜੀ ਕਾਲਜ, ਡਾ ਚਰਨਜੀਤ ਸਿੰਘ ਔਲਖ ਨੇ ਖੇਤੀਬਾੜੀ ਦੇ ਲਗਾਤਾਰ ਬਦਲ ਰਹੇ ਦ੍ਰਿਸ਼ ਵਿੱਚ ਗਿਆਨ ਅਤੇ ਸੂਚਨਾਵਾਂ ਨਾਲ ਭਰਪੂਰ ਰਹਿਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਡਾ. ਔਲਖ ਨੇ ਖੇਤੀਬਾੜੀ ਖੇਤਰ ਦੇ ਸਰਬਪੱਖੀ ਵਿਕਾਸ ਵਿੱਚ ਅੰਤਰ-ਅਨੁਸ਼ਾਸਨੀ ਖੋਜ ਅਤੇ ਸਹਿਯੋਗ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ।  ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਆਪਣੇ ਸੰਬੋਧਨ ਵਿੱਚ ਭਾਗੀਦਾਰਾਂ ਨੂੰ ਖੇਤੀਬਾੜੀ ਅਭਿਆਸਾਂ ਵਿੱਚ ਨਵੀਨਤਾ ਅਤੇ ਕੁਸ਼ਲਤਾ ਲਿਆਉਣ ਲਈ ਆਪਣੇ-ਆਪਣੇ ਖੇਤਰ ਵਿੱਚ ਨਵੇਂ ਹਾਸਲ ਕੀਤੇ ਗਿਆਨ ਨੂੰ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਉਤਪਾਦਕਤਾ ਅਤੇ ਸਥਿਰਤਾ ਨੂੰ ਵਧਾਉਣ ਲਈ ਭੋਜਨ ਵਿਗਿਆਨਕ ਵਿਧੀਆਂ ਨੂੰ ਖੇਤੀਬਾੜੀ ਖੋਜ ਦਾ ਹਿੱਸਾ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਵਿਭਾਗ ਦੇ ਮੁਖੀ ਅਤੇ ਵਿੰਟਰ ਸਕੂਲ ਦੇ ਨਿਰਦੇਸ਼ਕ ਡਾ. ਸਵਿਤਾ ਸ਼ਰਮਾ ਨੇ ਸਿਖਲਾਈ ਸਕੂਲ ਦੇ 21 ਦਿਨਾਂ ਦੀ ਸਿੱਖਣ ਯਾਤਰਾ ਦੌਰਾਨ ਕੀਤੀਆਂ ਗਤੀਵਿਧੀਆਂ ਉੱਪਰ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਿਖਲਾਈ ਵਿੱਚ 35 ਤੋਂ ਵੱਧ ਭਾਸ਼ਣ ਅਤੇ ਵਿਹਾਰਕ ਪ੍ਰਦਰਸ਼ਨ, 7 ਉਦਯੋਗਿਕ ਦੌਰੇ ਅਤੇ 8 ਸੰਗਠਨਾਤਮਕ ਦੌਰੇ ਸ਼ਾਮਲ ਸਨ। ਉਨ੍ਹਾਂ ਨੇ ਭਾਗੀਦਾਰਾਂ ਦੇ ਉਤਸ਼ਾਹ ਅਤੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿਖਲਾਈ ਉਹਨਾਂ ਦੇ ਪੇਸ਼ੇਵਰ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ। ਡਾ ਸਵਿਤਾ ਸ਼ਰਮਾ ਨੇ ਮਾਹਿਰਾਂ ਦੀ ਸਮਰੱਥਾ ਦੇ ਨਿਰਮਾਣ ਵਿਚ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਆਈ.ਸੀ.ਏ.ਆਰ. ਦਾ ਧੰਨਵਾਦ ਵੀ ਕੀਤਾ ਅਤੇ ਆਯੋਜਕਾਂ ਦੀ ਟੀਮ, ਸਟਾਫ ਅਤੇ ਭਾਗੀਦਾਰਾਂ ਦੀ ਸਰਗਰਮ ਸ਼ਮੂਲੀਅਤ ਲਈ ਧੰਨਵਾਦ ਕੀਤਾ। ਸਮਾਪਤੀ ਸਮਾਰੋਹ ਦੀ ਸ਼ੁਰੂਆਤ ਉੱਘੇ ਬੁਲਾਰਿਆਂ ਦੇ ਗਿਆਨ ਭਰਪੂਰ ਭਾਸ਼ਣਾਂ ਦੇ ਨਾਲ ਹੋਈ। ਸਰਦ ਰੁੱਤ ਸਕੂਲ ਦੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਭਾਗੀਦਾਰਾਂ ਨੇ ਵਿੰਟਰ ਸਕੂਲ ਦੇ ਦੌਰਾਨ ਪ੍ਰਦਾਨ ਕੀਤੇ ਗਏ ਸੰਗਠਿਤ ਸਿਖਲਾਈ ਢਾਂਚੇ, ਵਿਚਾਰ ਵਟਾਂਦਰਾ ਸੈਸ਼ਨਾਂ, ਅਤੇ ਵਿਹਾਰਕ ਅਨੁਭਵ ਪ੍ਰਦਾਨ ਕਰਨ ਲਈ ਧੰਨਵਾਦ ਪ੍ਰਗਟ ਕੀਤਾ। ਬਹੁਤ ਸਾਰੇ ਭਾਗੀਦਾਰਾਂ ਨੇ ਆਪਣੇ ਕਿੱਤੇ ਵਿਚ ਸਿਖਲਾਈ ਲਈ ਪ੍ਰੋਗਰਾਮ ਨੂੰ ਮੰਚ ਵਜੋਂ ਸਵੀਕਾਰ ਕਰਦੇ ਹੋਏ ਸਾਰਥਕ ਵਿਚਾਰ ਪੇਸ਼ ਕੀਤੇ। ਵਿੰਟਰ ਸਕੂਲ ਨੇ ਭਾਗੀਦਾਰਾਂ ਨੂੰ ਅਤਿ-ਆਧੁਨਿਕ ਗਿਆਨ ਅਤੇ ਵਿਹਾਰਕ ਸੂਝ ਨਾਲ ਭਰਪੂਰ ਕਰਨ ਦੇ ਆਪਣੇ ਉਦੇਸ਼ ਨੂੰ ਸਫਲਤਾਪੂਰਵਕ ਪੂਰਾ ਕੀਤਾ। ਨਾਲ ਹੀ ਖੇਤੀਬਾੜੀ ਖੇਤਰ ਵਿੱਚ ਅਕਾਦਮਿਕ ਖੋਜ ਲਈ ਪੀਏਯੂ ਦੀ ਵਚਨਬੱਧਤਾ ਦਾ ਪ੍ਰਗਟਾਵਾ ਵੀ ਹੋਇਆ।