ਲੁਧਿਆਣਾ, 6 ਜਨਵਰੀ (ਰਘਵੀਰ ਸਿੰਘ ਜੱਗਾ) : ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਡਾਇਰੈਕਟਰ ਡੇਅਰੀ ਸ੍ਰੀ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਸਿਖਲਾਈ ਪ੍ਰੋਗਰਾਮ ਦਾ ਤੇਰਵਾਂ ਬੈਚ 09 ਜਨਵਰੀ, 2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਵਾਲਾ ਸਿਖਿਆਰਥੀ ਘੱਟੋ-ਘੱਟ ਪੰਜਵੀ ਪਾਸ ਹੋਵੇ, ਉਮਰ 18 ਸਾਲ ਤੋਂ ਵੱਧ 50 ਸਾਲ ਤੋਂ ਘੱਟ ਹੋਵੇ ਅਤੇ ਦਿਹਾਤੀ ਖੇਤਰ ਦਾ ਵਸਨੀਕ ਹੋਵੇ। ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ ਜਿਵੇ ਯੋਗਤਾ ਸਰਟੀਫਿਕੇਟ, ਅਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ 1 ਪਾਸਪੋਰਟ ਸਾਇਜ ਫੋਟੋ ਲੈ ਕੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾ ਹੋਰ ਦੱਸਿਆ ਕਿ ਇਸ ਵਿੱਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਧ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁੱਚਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਮਿਲਕਿੰਗ ਮਸੀਨ ਦੀ ਖ੍ਰੀਦ ਉਤੇ 50 ਪ੍ਰਤੀਸਤ ਸਬਸਿਡੀ ਵੀ ਉਪਲੱਬਧ ਹੈ। ਉਨ੍ਹਾਂ ਸਮੂਹ ਚਾਹਵਾਨ ਸਿਖਿਆਰਥੀ/ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੇ ਆਪ ਨੂੰ ਸਿਖਲਾਈ ਪ੍ਰੋਗਰਾਮ ਵਿੱਚ ਦਾਖਲ ਕਰਵਾ ਕੇ ਵਿਭਾਗ ਵੱਲੋਂ ਦਿੱਤੀਆ ਜਾਂਦੀਆਂ ਸਹੂਲਤਾਂ ਦਾ ਵੱਧ ਤੋ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ 81461-00543 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।