ਗੈਂਗਸਟਰਾਂ ਦੇ ਝਾਂਸੇ ਵਿੱਚ ਨਾ ਆਉਣ ਨੌਜਵਾਨ : ਗੌਰਵ ਯਾਦਵ

  • ਡੀਜੀਪੀ ਗੌਰਵ ਯਾਦਵ ਨੇ ਪਠਾਨਕੋਟ ‘ਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਕੀਤਾ ਉਦਘਾਟਨ

ਪਠਾਨਕੋਟ, 3 ਫਰਵਰੀ 2025 : ਸਾਈਬਰ ਕ੍ਰਾਈਮ ਵਿਭਾਗ ਔਨਲਾਈਨ ਧੋਖਾਧੜੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਅਤੇ ਇਨ੍ਹਾਂ ਧੋਖਾਧੜੀਆਂ ਵਿੱਚ ਸ਼ਾਮਲ ਲੋਕਾਂ ਨੂੰ ਫੜਨ ਲਈ ਕਈ ਕਦਮ ਚੁੱਕ ਰਿਹਾ ਹੈ। ਇਸ ਦੇ ਨਾਲ ਹੀ, ਸਰਕਾਰਾਂ ਵੀ ਫੋਨ ਕਾਲਾਂ ਰਾਹੀਂ ਸਾਈਬਰ ਅਪਰਾਧ ਤੋਂ ਬਚਣ ਬਾਰੇ ਜਾਣਕਾਰੀ ਦੇ ਰਹੀਆਂ ਹਨ ਤਾਂ ਜੋ ਇਨ੍ਹਾਂ ਧੋਖੇਬਾਜ਼ਾਂ ਤੋਂ ਬਚਿਆ ਜਾ ਸਕੇ। ਇਨ੍ਹਾਂ ਸਾਈਬਰ ਅਪਰਾਧੀਆਂ ‘ਤੇ ਨਜ਼ਰ ਰੱਖਣ ਲਈ, ਪਠਾਨਕੋਟ ਵਿੱਚ ਇੱਕ ਸਾਈਬਰ ਅਪਰਾਧ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਪਠਾਨਕੋਟ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 01 ਦੀ ਦੂਜੀ ਮੰਜ਼ਿਲ ‘ਤੇ ਬਣਾਇਆ ਗਿਆ ਹੈ, ਜਿਸਦਾ ਉਦਘਾਟਨ ਅੱਜ ਪੰਜਾਬ ਦੇ ਡੀਜੀਪੀ ਗੌਰਬ ਯਾਦਵ ਨੇ ਕੀਤਾ, ਜਿੱਥੇ ਸਾਈਬਰ ਠੱਗਾਂ ਨਾਲ ਨਜਿੱਠਣ ਦੇ ਲਈ ਟੀਮ ਦਿਨ ਰਾਤ ਤੈਨਾਤ ਰਹੇਗੀ। ਇਸ ਦੇ ਨਾਲ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪੱਤਰਕਾਰਾਂ ਦੇ ਇੱਕ ਸਮੂਹ ਨਾਲ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕੀਤੀ। ਪਠਾਨਕੋਟ ਪਹੁੰਚੇ ਡੀਜੀਪੀ ਗੌਰਵ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਠਾਨਕੋਟ ਵਿੱਚ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਅੱਜ ਇੱਕ ਸਾਈਬਰ ਅਪਰਾਧ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਗਿਆ ਹੈ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇੱਕ ਸਾਈਬਰ ਪੁਲਿਸ ਸਟੇਸ਼ਨ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਠਾਨਕੋਟ ਵਿੱਚ ਖੋਲ੍ਹਿਆ ਗਿਆ ਸਾਈਬਰ ਪੁਲਿਸ ਸਟੇਸ਼ਨ ਪੂਰੇ ਜ਼ਿਲ੍ਹੇ ਦੇ ਕੈਮਰਿਆਂ ਨੂੰ ਕੰਟਰੋਲ ਕਰੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਪਠਾਨਕੋਟ ਵਿੱਚ ਹੋਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਸਰਹੱਦੀ ਇਲਾਕਿਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਹੋਰ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਪਗ੍ਰੇਡ ਕਰਨ ਲਈ ਜਿੱਥੇ ਇੱਕ ਪਾਸੇ ਪੁਲਿਸ ਸਟੇਸ਼ਨਾਂ ਨੂੰ ਨਵੇਂ ਵਾਹਨ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਥਾਣਿਆਂ ਵਿਚ ਵੀ ਨਵੇਂ ਇਮਾਰਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਪੁਲਿਸ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਸਰਹੱਦੀ ਖੇਤਰ ਵਿੱਚ ਤਾਇਨਾਤ ਦੂਜੀ ਰੱਖਿਆ ਲਾਈਨ ਨੂੰ ਹੋਰ ਮਜ਼ਬੂਤ ​​ਕੀਤਾ ਜਾਵੇਗਾ ਤਾਂ ਜੋ ਕੋਈ ਵੀ ਸਰਹੱਦ ‘ਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਸਕਦਾ ਹੈ। ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਦੇ ਝਾਂਸੇ ਵਿੱਚ ਆ ਕੇ ਆਪਣੇ ਜ਼ਿੰਦਗੀ ਖਰਾਬ ਨਾ ਕਰਨ। ਡੀਜੀਪੀ ਪੰਜਾਬ ਨੇ ਸਾਈਬਰ ਕ੍ਰਾਈਮ ਸ਼ਾਖਾ ਦਾ ਉਦਘਾਟਨ ਕਰਨ ਤੋਂ ਬਾਅਦ ਸਰਹਦੀ ਇਲਾਕਿਆਂ ਵਿੱਚ ਥਾਣੇ ਦਾ ਵੀ ਦੋਰਾ ਕੀਤਾ।