- ਚੇਅਰਮੈਨ ਰਮਨ ਬਹਿਲ ਨੇ ਬਜ਼ੁਰਗਾਂ ਨਾਲ ਸਮਾਂ ਬਿਤਾਇਆ
ਗੁਰਦਾਸਪੁਰ, 15 ਜੂਨ : ਸਰਕਾਰੀ ਬਿਰਧ ਆਸ਼ਰਮ ਗੁਰਦਾਸਪੁਰ ਵਿਖੇ ਅੱਜ ਵਰਲਡ ਐਲਡਰ ਅਵੇਰਨੈੱਸ ਅਬਿਊਸ ਡੇਅ ਮਨਾਇਆ ਗਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਵਿਸ਼ੇਸ਼ ਤੌਰ ’ਤੇ ਬਿਰਧ ਆਸ਼ਰਮ ਵਿਖੇ ਪਹੁੰਚ ਕੇ ਬਜ਼ੁਰਗਾਂ ਨਾਲ ਸਮਾਂ ਬਿਤਾਇਆ। ਵਰਲਡ ਐਲਡਰ ਅਵੇਰਨੈੱਸ ਅਬਿਊਸ ਡੇਅ ਸਬੰਧੀ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਬਜ਼ੁਰਗ ਸਾਡਾ ਮਾਣ ਹੈ ਅਤੇ ਇਨ੍ਹਾਂ ਦਾ ਮਾਣ-ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਇਹ ਨੈਤਿਕ ਫ਼ਰਜ਼ ਹੈ ਕਿ ਉਹ ਆਪਣੇ ਬਜ਼ੁਰਗਾਂ ਦੀ ਸੇਵਾ-ਸੰਭਾਲ ਕਰਨ ਅਤੇ ਉਨ੍ਹਾਂ ਦੀ ਹਰ ਸਹੂਲਤ ਦਾ ਖਿਆਲ ਰੱਖਣ। ਉਨ੍ਹਾਂ ਕਿਹਾ ਕਿ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ ਓਵੇਂ ਹੀ ਬੁਢਾਪੇ ਵਿੱਚ ਮਾਪਿਆਂ ਨੂੰ ਵੀ ਸੰਭਾਲ ਦੀ ਲੋੜ ਹੁੰਦੀ ਹੈ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਬਿਰਧ ਆਸ਼ਰਮ ਗੁਰਦਾਸਪੁਰ ਵਿਖੇ ਹੈਲਪ ਏਜ਼ ਇੰਡੀਆ ਵੱਲੋਂ ਕੀਤੀ ਜਾ ਰਹੀ ਬਜ਼ੁਰਗਾਂ ਦੀ ਸੇਵਾ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਥੇ ਮਿਲ ਰਹੀਆਂ ਸਹੂਲਤਾਂ ਤੋਂ ਬਜ਼ੁਰਗ ਸੰਤੁਸ਼ਟ ਹਨ। ਇਸ ਮੌਕੇ ਮਿਸ ਇੰਦਰਬੀਰ ਕੌਰ, ਸੀਨੀਅਰ ਸਿਟੀਜ਼ਨ ਫੋਰਮ ਦੇ ਪ੍ਰਧਾਨ ਅਤੇ ਮੈਂਬਰ ਮਿਸਟਰ ਨੀਰਜ ਮਹਾਜਨ, ਚੇਅਰਮੈਨ ਨਵਾਂ ਯੁੱਗ, ਨਵੀਂ ਸੋਚ ਵੈਲਫੇਅਰ ਸੋਸਾਇਟੀ ਦੇ ਨੁਮਾਇੰਦਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਾਇੰਸ ਸੇਪਿਅਨ ਕੋਚਿੰਗ ਸੈਂਟਰ ਦੇ ਟੀਚਰ ਅਤੇ ਬੱਚਿਆਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਬਿਰਧ ਆਸ਼ਰਮ ਦੀ ਸੰਚਾਲਕ ਮੈਡਮ ਅਰਪਨਾ ਸ਼ਰਮਾ ਨੇ ਵਰਲਡ ਐਲਡਰ ਅਵੇਰਨੈੱਸ ਅਬਿਊਸ ਡੇਅ ਦੀ ਜਾਣਕਾਰੀ ਦਿੱਤੀ ਅਤੇ ਹੈਲਪ ਏਜ ਇੰਡੀਆ ਵੱਲੋਂ ਚਲਾਈ ਜਾ ਰਹੀ ਹੈਲਪ ਲਾਈਨ ਬਾਰੇ ਵੀ ਦੱਸਿਆ। ਸਾਇੰਸ ਸੇਪਿਅਨ ਕੋਚਿੰਗ ਸੈਂਟਰ ਦੇ ਬੱਚਿਆਂ ਨੇ ਸੁੰਦਰ ਕਵਿਤਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਆਸ਼ਰਮ ਦੀ ਸਮੂਹ ਟੀਮ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।