ਅੰਮ੍ਰਿਤਸਰ 14 ਮਾਰਚ : ਮਹਾਨ ਸੂਰਬੀਰ ਜਰਨੈਲ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਛੇਵੇਂ ਮੁਖੀ ਬੁੱਢਾ ਦਲ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਹਿਲੀ ਵਾਰ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਯੂਨੀਵਰਸਲ ਆਰਟ ਐਂਡ ਕਲਚਰਲ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਸ. ਬਲਜਿੰਦਰ ਸਿੰਘ ਦਾਰਾਪੁਰੀ ਦਾ ਲਿਖਿਆ ਅਕਾਲੀ ਬਾਬਾ ਫੂਲਾ ਸਿੰਘ ਦੇ ਜੀਵਨ ਅਧਾਰਤ “ਗਾਥਾ ਅਕਾਲੀ ਬਾਬਾ ਫੂਲਾ ਸਿੰਘ” ਲਾਈਟ, ਸਾਈਟ ਤੇ ਸਾਉਂਡ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਲਾਈਟ, ਸਾਈਟ ਐਂਡ ਸਾਉਂਡ ਪਲੇਅ ਦੇ ਨਿਰਦੇਸ਼ਕ ਸ੍ਰੀ ਗੋਪਾਲ ਸ਼ਰਮਾ ਅਤੇ ਡਿਜ਼ਾਇਨ ਅੰਮ੍ਰਿਤਪਾਲ ਸਿੰਘ ਨੇ ਕੀਤਾ ਹੈ। ਇਸ ਵਿਚ ਪਾਤਰ ਉਸਾਰੀ ਦਾ ਕੰਮ ਕਰਨ ਵਾਲੇ ਨਰਿੰਦਰ ਨੀਨਾ, ਤੇਜਿੰਦਰ ਜੋਸ਼ੀ, ਅਰੁਣ ਸ਼ਰਮਾ, ਸੁਖਬੀਰਪਾਲ ਕੌਰ, ਹਰਕੀਰਤਪਾਲ ਸਿੰਘ, ਗੈਰੀ ਗਿੱਲ, ਅਨੂਰੀਤਪਾਲ ਕੌਰ, ਜਸਜੀਤ ਸਿੰਘ, ਹਰਿੰਦਰ ਹੈਰੀ, ਇਸ ਦੇ ਐਡੀਟਰ ਤੇਜਿੰਦਰ ਜੋਸ਼ੀ, ਮਿਊਜ਼ਿਕ ਸ੍ਰੀ ਮਹੈਸ਼ ਵਰਿਸ਼ਟ ਨੇ ਦਿੱਤਾ ਹੈ। ਇਕ ਘੰਟੇ ਦੇ ਇਸ ਲਾਈਟ ਐਂਡ ਸਾਉਂਡ ਪਲੇਅ ਵਿਚ ਕੋਈ 20 ਤੋਂ 22 ਮਹੱਤਵਪੂਰਨ ਝਲਕੀਆਂ ਹਨ। ਵੱਡੇ ਘੱਲੂਘਾਰੇ ਸਮੇਤ ਅਕਾਲੀ ਫੂਲਾ ਸਿੰਘ ਵੱਲੋਂ ਖਾਲਸਾ ਰਾਜ ਲਈ ਲੜੀਆਂ ਗਈਆਂ ਲੜਾਈਆਂ ਨੂੰ ਸੰਕੇਤ ਤੌਰ ਤੇ ਪੇਸ਼ ਕਰਨ ਦਾ ਬਾਖੂਬੀ ਯਤਨ ਕੀਤਾ ਗਿਆ ਹੈ। ਇਹ ਪ੍ਰੋਗਰਾਮ ਵਿਚ ਗੁਰਧਾਮਾਂ ਵਿਚ ਆਈਆਂ ਤਰੁਟੀਆਂ ਸਬੰਧੀ ਸੁਧਾਰ ਲਿਆਉਣ ਅਤੇ ਮਹਾਰਾਜਾ ਨੂੰ ਮਰਯਾਦਾ ਦੇ ਉਲਟ ਜਾਣ ਤੇ ਤਲਬ ਕਰਨ ਦੀ ਪੇਸ਼ਕਾਰੀ ਦਾ ਇਤਿਹਾਸਕ ਬਿਰਤਾਂਤ ਹੈ। ਸ਼ਤਾਬਦੀ ਸਮੇਂ ਅਜਿਹੇ ਲਾਈਟ ਐਂਡ ਸਾਉਂਡ ਪ੍ਰੋਗਰਾਮ ਦਾ ਪੇਸ਼ ਹੋਣਾ ਚੰਗਾ ਤੇ ਮੇਹਨਤ ਭਰਿਆ ਕੰਮ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਇਸ ਮੌਕੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਬੁੱਢਾ ਦਲ ਦਾ ਸੰਖੇਪ ਰੂਪ ਵਿਚ ਇਤਿਹਾਸ ਸਾਂਝਾ ਕੀਤਾ ਅਤੇ ਮੁਖੀ ਜਥੇਦਾਰ ਸਾਹਿਬਾਨ ਸਬੰਧੀ ਬੜੇ ਭਾਵਪੂਰਤ ਤਰੀਕੇ ਨਾਲ ਜਾਣਕਾਰੀ ਮੁਹੱਈਆ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੰਚ ਤੇ ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ ਵਾਲੇ, ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਭਾਈ ਬਲਬੀਰ ਸਿੰਘ ਮੂਛਲ, ਸੰਤ ਬਾਬਾ ਪਰਮਜੀਤ ਸਿੰਘ ਪੰਜਵੜ ਵਾਲੇ, ਬਾਬਾ ਨਿਰਮਲ ਸਿੰਘ ਵਡਾਲੀ ਗੁਰੂ ਕੀ ਵਡਾਲੀ, ਸ. ਜਸਵਿੰਦਰ ਸਿੰਘ ਦੀਨਪੁਰ, ਸ. ਪਰਮਜੀਤ ਸਿੰਘ ਬਾਜਵਾ, ਬਾਬਾ ਸਰਵਣ ਸਿੰਘ ਮਝੈਲ, ਭਾਈ ਗੁਰਮੀਤ ਸਿੰਘ ਹਜ਼ੂਰ ਸਾਹਿਬ, ਭਾਈ ਇੰਦਰਪਾਲ ਸਿੰਘ ਫੌਜੀ, ਸ. ਵਿਜੈ ਸਿੰਘ ਬਾਦੀਆਂ ਆਦਿ ਮੌਜੂਦ ਸਨ। ਇਸ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੀ ਅੰਸ਼ਬੰਸ਼ ਭਾਈ ਨਿਰਮਲ ਸਿੰਘ ਵਡਾਲੀ ਗੁਰੂ ਨੇ ਸੰਗਤਾਂ ਦੇ ਸਹਿਯੋਗ ਨਾਲ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਮੂਲ ਮੰਤਰ ਦੇ ਜਾਪ ਕਰਦਿਆਂ 200 ਦੀਵੇ ਜਗਾ ਕੇ ਸ਼ਰਧਾ ਪ੍ਰਗਟਾਈ।