ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ, ਆਵਾਜਾਈ ਦੇ ਨਿਯਮਾਂ, ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਅਤੇ ਸਾਂਝ ਸੇਵਾਵਾਂ ਬਾਰੇ ਜਾਗਰੂਕ ਕੀਤਾ 

ਫਤਿਹਗੜ੍ਹ ਚੂੜੀਆਂ, 10 ਫਰਵਰੀ 2025 : ਸ੍ਰੀ ਸੁਹੇਲ ਕਾਸਿਮ ਮੀਰ, ਐਸ ਐਸ ਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਦੇ ਸਾਂਝ ਸਟਾਫ਼ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਤਿਹਗੜ੍ਹ ਚੂੜੀਆਂ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ, ਸਾਈਬਰ ਕਰਾਈਮ, ਟਰੈਫਿਕ ਨਿਯਮਾਂ ਬਾਰੇ, ਵਾਤਾਵਰਣ ਦੀ ਸੰਭਾਲ ਕਰਨ ਬਾਰੇ ਅਤੇ ਹੈਲਪ ਲਾਈਨ ਨੰਬਰ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ।  ਇਸ ਮੌਕੇ ਐਸ.ਪੀ (ਐੱਚ) ਬਟਾਲਾ ਸ੍ਰੀਮਤੀ ਜਸਵੰਤ ਕੋਰ ਨੇਦੱਸਿਆ ਕਿ ਬਟਾਲਾ ਪੁਲਿਸ ਦੇ ਸਾਂਝ ਸਟਾਫ਼ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਉਨਾਂ ਕਿਹਾ ਨਸ਼ੇ ਸਾਡੇ ਸਮਾਜ ਵਿੱਚ ਵੱਡੀ ਬੁਰਾਈ ਹੈ ਅਤੇ ਇਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਉਨਾਂ ਦੱਸਿਆ ਕਿ ਜਿਹੜੇ ਵੀ ਵਿਅਕਤੀ ਗੁੰਮਰਾਹ ਹੋ ਕੇ ਨਸ਼ਿਆਂ ਦੇ ਰੋਗ ਦਾ ਸ਼ਿਕਾਰ ਹੋ ਗਏ ਹਨ, ਉਨ੍ਹਾਂ ਦਾ ਇਲਾਜ ਸੰਭਵ ਹੈ ਅਤੇ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵਿਭਾਗ ਵਲੋਂ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਮੰਤਵ ਨਾਲ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਪੋਦਿਆਂ ਦੀ ਸਾਂਭ-ਸੰਭਾਲ ਬਾਰੇ ਜਾਗਰੂਕ ਕੀਤਾ ਗਿਆ।