
- ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਕਾਦੀਆਂ, 29 ਜਨਵਰੀ 2025 : ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਜਗਤ ਪੰਜਾਬੀ ਸਭਾ ਦੀ ਸੂਬਾ ਇਕਾਈ ਦੇ ਸਾਂਝੇ ਉਪਰਾਲੇ ਨਾਲ਼ 31 ਜਨਵਰੀ ਨੂੰ ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਵਿਖੇ ਰਾਜ ਪੱਧਰੀ ਸਾਹਿਤਕ ਸਮਾਗਮ ਅਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 50 ਦੇ ਕਰੀਬ ਸਾਹਿਤਕਾਰ, ਕਵੀ, ਅਦਾਕਾਰ, ਮਾਂ-ਬੋਲੀ ਪ੍ਰੇਮੀਆਂ ਜਿਸ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਵਾਲੀਆਂ ਸੰਸਥਾਵਾਂ ਦੇ ਮੁਖੀਆਂ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਨਮਾਨਿਤ 12 ਸਟੇਟ ਅਵਾਰਡੀ ਵੀ ਸ਼ਿਰਕਤ ਕਰਨਗੇ। ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਅਤੇ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਹਰਜਿੰਦਰ ਸਿੰਘ ਬੇਦੀ ਨਾਲ਼ ਮੀਟਿੰਗ ਕਰਨ ਉਪਰੰਤ ਜਗਤ ਪੰਜਾਬੀ ਸਭਾ ਦੇ ਸੂਬਾ ਇਕਾਈ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨਾਂ ਦੱਸਿਆ ਕਿ ਇਸ ਸਮਾਗਮ ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਅਤੇ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਹਰਜਿੰਦਰ ਸਿੰਘ ਬੇਦੀ, ਮਹਿਮਾਨ-ਏ-ਖ਼ਾਸ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ 12 ਜ਼ਿਲਿ੍ਹਆਂ ਤੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸ਼ਖ਼ਸੀਅਤਾਂ ਵਿੱਚ ਪ੍ਰਸਿੱਧ ਕਵੀ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ ਕੋਲੈਬੋਰੇਟਰ, ਪ੍ਰਸਿੱਧ ਗੀਤਕਾਰ ਭੱਟੀ ਭੜੀਵਾਲਾ ਜ਼ਿਲ੍ਹਾ ਮੁਹਾਲੀ, ਅਦਾਕਾਰ ਤੇ ਨਿਰਦੇਸ਼ਕ ਰੰਗ ਹਰਜਿੰਦਰ ਫ਼ਰੀਦਕੋਟ, ਪ੍ਰਵੀਨ ਸੰਧੂ ਪ੍ਰਧਾਨ ਪੀ ਐਸ ਆਰਟਸ ਐਂਡ ਕਲਚਰਲ ਸੁਸਾਇਟੀ ਚੰਡੀਗੜ੍ਹ, ਡਾ ਗਗਨਦੀਪ ਸਿੰਘ ਐਕਟਰ ਫਰੀਦਕੋਟ, ਇੰਦਰਪ੍ਰੀਤ ਸਿੰਘ ਧਾਮੀ ਸਟੇਟ ਐਵਾਰਡੀ, ਗੁਰਪ੍ਰੀਤ ਸਿੰਘ ਰੂਪਰਾ ਸਟੇਟ ਐਵਾਰਡੀ ਜ਼ਿਲ੍ਹਾ ਫ਼ਰੀਦਕੋਟ, ਜਗਤਾਰ ਸਿੰਘ ਸੋਖੀ ਅੱਖਰਕਾਰ ਜ਼ਿਲ੍ਹਾ ਫ਼ਿਰੋਜ਼ਪੁਰ, ਸਿਮਰਨ ਧਾਲੀਵਾਲ ਤਰਨਤਾਰਨ, ਰਮਨ ਸੰਧੂ ਸਾਹਿਤਕਾਰ ਜ਼ਿਲ੍ਹਾ ਮੁਹਾਲੀ, ਪਰਜਿੰਦਰ ਕੌਰ ਕਲੇਰ ਕਵੀ ਤਰਨਤਾਰਨ, ਪਰਮਿੰਦਰ ਕੌਰ (ਇੰਚਾਰਜ) ਭਾਸ਼ਾ ਵਿਕਾਸ ਸੈੱਲ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ, ਸੁਰਿੰਦਰ ਮੋਹਨ ਸਟੇਟ ਅਵਾਰਡੀ ਗੁਰਦਾਸਪੁਰ, ਕਾਲਾ ਸਿੰਘ ਅੱਖਰਕਾਰ ਜ਼ਿਲ੍ਹਾ ਪਟਿਆਲਾ, ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਜ਼ਿਲ੍ਹਾ ਗੁਰਦਾਸਪੁਰ, ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਪ੍ਰਧਾਨ ਪੁਸ਼ਪਾ ਦੇਵੀ ਅਤੇ ਰਣਬੀਰ ਕੌਰ ਮੁੱਖ ਸਲਾਹਕਾਰ ਸਮੇਤ ਕਈ ਹੋਰ ਮੁੱਖ ਸ਼ਖਸਿਅਤਾਂ ਇਸ ਸਮਾਗਮ ਵਿੱਚ ਸਿ਼ਰਕਤ ਕਰਨਗੀਆਂ। ਉਨਾਂ ਅੱਗੇ ਦੱਸਿਆ ਕਿ ਇਸ ਸਮਾਗਮ ਵਿੱਚ ਮਾਂ-ਬੋਲੀ ਪੰਜਾਬੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਮਾਗਮ ਲਈ ਪੁਲਿਸ, ਸਿਹਤ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹੋਰਨਾਂ ਜ਼ਿਲਿ੍ਹਆਂ ਤੋਂ ਆਏ ਮਹਿਮਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜਗਤ ਪੰਜਾਬੀ ਸਭਾ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੈਣੀ, ਮੀਤ ਪ੍ਰਧਾਨ ਸਰਵਣ ਸਿੰਘ, ਜਸਬੀਰ ਸਿੰਘ ਅਤੇ ਜਨਰਲ ਸਕੱਤਰ ਪਵਨ ਭਾਰਦਵਾਜ ਵੀ ਹਾਜ਼ਰ ਸਨ।