- ਪੰਜਾਬ ਬਾਇਓਟੈਕਨਾਲਜੀ ਇਨਕੂਬੇਟਰ ਵਲੋਂ ਅੰਮ੍ਰਿਤਸਰ ਵਿੱਚ ‘ਸੈਂਪਲ ਕੁਲੈਕਸ਼ਨ ਸੈਂਟਰ’ ਦੀ ਸ਼ੁਰੂਆਤ
ਅੰਮ੍ਰਿਤਸਰ 21 ਨਵੰਬਰ : ਅੰਮ੍ਰਿਤਸਰ ਦੇ ਕਾਰੋਬਾਰੀ ਅਤੇ ਕਿਸਾਨਾਂ ਦੀਆਂ ਲੋੜਾਂ ਲਈ ਖੇਤੀ ਅਤੇ ਡੇਅਰੀ ਉਤਪਾਦਾਂ ਦੇ ਮਿਆਰ ਦੀ ਜਾਂਚ ਕਰਨ ਲਈ ਹੁਣ ਮੁਹਾਲੀ ਜਾਂ ਦੂਰ ਦੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਬਲਕਿ ਇਸ ਲਈ ਨਮੂਨੇ ਅੰਮ੍ਰਿਤਸਰ ਵਿੱਚ ਹੀ ਦਿੱਤੇ ਜਾ ਸਕਣਗੇ। ਅੱਜ ਮੁਹਾਲੀ ਸਥਿਤ ਪੰਜਾਬ ਬਾਇਓਟੈਕਨਾਲਜੀ ਇਨਕੂਬੇਟਰ ਨੇ ਖੇਤੀ ਭਵਨ ਅੰਮ੍ਰਿਤਸਰ ਵਿਖੇ ਆਪਣਾ ਨਮੂਨਾ ਸ੍ਰੰਗਹਿ ਖੋਲ ਦਿੱਤਾ ਹੈ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਸ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨਾਲ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਡਾ. ਅਜੈ ਗੁਪਤਾ, ਪੰਜਾਬ ਐਗਰੀ ਐਕਸਪੋਰਟ ਕੌਂਸਲ ਦੇ ਜਨਰਲ ਮੈਨੇਜਰ ਸ੍ਰੀ ਰਣਧੀਰ ਸਿੰਘ, ਪੰਜਾਬ ਬਾਇਓਟੈਕਨਾਲਜੀ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਡਾ. ਅਜੀਤ ਦੂਆ, ਖੇਤੀ ਅਧਿਕਾਰੀ ਡਾ. ਜਤਿੰਦਰ ਸਿੰਘ ਗਿੱਲ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਖੇਤੀ ਵਪਾਰ ਦੀਆਂ ਸੀਮਾਵਾਂ ਅਥਾਹ ਹਨ ਅਤੇ ਇਹ ਸੀਮਾਵਾਂ ਤੱਕ ਪਹੁੰਚਣ ਲਈ ਸਾਡੇ ਕਾਰੋਬਾਰੀਆਂ ਨੂੰ ਨਿਰਯਾਤ ਕੀਤੇ ਜਾਣ ਵਾਲੇ ਪਦਾਰਥਾਂ ਦੇ ਜ਼ਰੂਰੀ ਟੈਸਟਾਂ ਦੀ ਲੋੜ ਪੈਂਦੀ ਹੈ ਜਿਸਨੂੰ ਇਹ ਸੈਂਟਰ ਪੂਰਾ ਕਰੇਗਾ। ਉਨਾਂ ਕਿਹਾ ਕਿ ਉਦਾਹਰਨ ਵਜੋਂ ਅੰਮ੍ਰਿਤਸਰ ਵਿੱਚ ਪੈਦਾ ਹੋਣ ਵਾਲੀ ਬਾਸਮਤੀ, ਆਲੂ, ਸ਼ਹਿਦ ਅਤੇ ਹੋਰ ਖੇਤੀ ਪਦਾਰਥ ਜਦੋਂ ਵੀ ਬਾਹਰ ਭੇਜੇ ਜਾਂਦੇ ਹਨ ਤਾਂ ਉਨਾਂ ਦੇਸ਼ਾਂ ਦੀ ਲੋੜ ਅਨੁਸਾਰ ਇਨਾਂ ਪਦਾਰਥਾਂ ਨੂੰ ਕਈ ਟੈਸਟਾਂ ਵਿਚੋਂ ਗੁਜਰਨਾ ਪੈਂਦਾ ਹੈ। ਪਹਿਲਾਂ ਸਾਡੇ ਐਕਸਪੋਰਟਰਾਂ ਨੂੰ ਇਹ ਟੈਸਟ ਕਰਵਾਉਣ ਲਈ ਦਿੱਲੀ ਜਾਂ ਦੂਰ ਦੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਜਿਸ ਨਾਲ ਸਮਾਂ ਅਤੇ ਖਰਚਾ ਦੋਵੇਂ ਲਗਦੇ ਸਨ, ਪਰ ਹੁਣ ਤੁਸੀਂ ਇਸ ਸੈਂਟਰ ਵਿੱਚ ਆਪਣੇ ਪਦਾਰਥਾਂ ਦਾ ਨਮੂਨਾ ਦੇ ਕੇ ਰਿਪੋਰਟ ਪ੍ਰਾਪਤ ਕਰ ਸਕੋਗੇ। ਉਨਾਂ ਨੇ ਕਈ ਉਦਾਹਰਨਾਂ ਦੇ ਕੇ ਸਮਝਾਇਆ ਕਿ ਕਿਸ ਤਰ੍ਹਾਂ ਬਿਨਾਂ ਟੈਸਟਿੰਗ ਤੋਂ ਭੇਜੇ ਗਏ ਖਾਦ ਪਦਾਰਥ ਵਿਦੇਸ਼ਾਂ ਤੋਂ ਰੱਦ ਹੋਣ ਕਾਰਨ ਕਾਰੋਬਾਰੀਆਂ ਲਈ ਵੱਡੇ ਘਾਟੇ ਦਾ ਸੌਦਾ ਬਣਦੇ ਰਹੇ। ਸ੍ਰੀ ਥੋਰੀ ਨੇ ਕਿਹਾ ਕਿ ਉਕਤ ਵਿਸ਼ਵ ਪੱਧਰੀ ਲੈਬ ਵਲੋਂ ਦਿੱਤੀ ਗਈ ਰਿਪੋਰਟ ਨੂੰ ਚੈਲੈਂਜ ਕਰਨਾ ਲਗਭੱਗ ਅਸੰਭਵ ਵਾਲੀ ਗੱਲ ਹੈ। ਉਨਾਂ ਨੇ ਇਸ ਖਿੱਤੇ ਦੇ ਕਾਰੋਬਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਦੇ ਵਿਧਾਇਕ ਡਾ. ਅਜੈ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੇ ਯਤਨਾਂ ਨਾਲ ਸਾਡੇ ਸ਼ਹਿਰ ਨੂੰ ਇਸ ਸੈਂਟਰ ਦੀ ਸਹੂਲਤ ਮਿਲੀ ਹੈ, ਜੋ ਕਿ ਇਸ ਇਲਾਕੇ ਵਿੱਚ ਖੇਤੀ ਵਪਾਰ ਦੇ ਮੌਕਿਆਂ ਨੂੰ ਵਧਾਏਗਾ। ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਕਈ ਸਾਲਾਂ ਦੀ ਉਡੀਕ ਮਗਰੋਂ ਅੱਜ ਇਸ ਲੈਬ ਦਾ ਸੈਂਟਰ ਸਾਨੂੰ ਨਸੀਬ ਹੋਇਆ ਹੈ। ਉਨਾਂ ਕਿਹਾ ਕਿ ਇਸ ਸੈਂਟਰ ਦੀ ਸਥਾਪਤੀ ਨਾਲ ਇਹ ਗੱਲ ਪੱਕੀ ਹੋ ਗਈ ਹੈ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਜੋ ਕਹਿੰਦੇ ਹਨ ਉਹ ਪੂਰਾ ਕਰਦੇ ਹਨ। ਉਨਾਂ ਯਾਦ ਕਰਾਇਆ ਕਿ ਸਤੰਬਰ ਮਹੀਨੇ ਹੋਈ ਸਰਕਾਰ ਸਨਅਤਕਾਰ ਮਿਲਣੀ ਦੌਰਾਨ ਸ਼ਹਿਰ ਦੇ ਕਾਰੋਬਾਰੀਆਂ ਨੇ ਇਸ ਸੈਂਟਰ ਦੀ ਮੰਗ ਉਠਾਈ ਸੀ ਅਤੇ ਅੱਜ ਦੋ ਮਹੀਨਿਆਂ ਦੇ ਅਰਸੇ ਵਿੱਚ ਹੀ ਇਸਨੂੰ ਪੂਰਾ ਕਰ ਦਿੱਤਾ ਹੈ। ਇਸ ਮੌਕੇ ਪੰਜਾਬ ਬਾਇਓਟੈਕਨਾਲਜੀ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਡਾ. ਅਜੀਤ ਦੂਆ ਨੇ ਲੈਬ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ, ਜਦਕਿ ਖੇਤੀ ਅਧਿਕਾਰੀ ਡਾ. ਜਤਿੰਦਰ ਸਿੰਘ ਗਿੱਲ ਨੇ ਜ਼ਹਿਰ ਮੁਕਤ ਬਾਸਮਤੀ ਪੈਦਾ ਕਰਨ ਦੇ ਆਪਣੇ ਤਜ਼ਰਬੇ ਨੂੰ ਸਰੋਤਿਆਂ ਨਾਲ ਸਾਂਝੇ ਕੀਤਾ। ਇਸ ਮੌਕੇ ਜੀ.ਐਮ. ਇੰਡਸਟਰੀ ਸ੍ਰੀ ਇੰਦਰਜੀਤ ਟਾਂਡੀ, ਐਕਸਪੋਰਟਰ ਸ੍ਰੀ ਅਸ਼ੋਕ ਸੇਠੀ ਅਤੇ ਹੋਰ ਕਾਰੋਬਾਰੀ ਹਾਜ਼ਰ ਸਨ।