14 ਫਰਵਰੀ ਤੋਂ ਸ਼ੁਰੂ ਹੋਵੇਗਾ ਖੇਤਰੀ ਸਾਰਸ ਮੇਲਾ : ਵਧੀਕ ਡਿਪਟੀ ਕਮਿਸ਼ਨਰ

  • ਦੇਸ਼ ਭਰ ਦੇ ਕਾਰੀਗਰ  ਲਗਾਉਣਗੇ ਸਟਾਲ
  • ਮੇਲੇ ਦੀ ਤਿਆਰੀਆਂ ਸਬੰਧੀ ਕੀਤੀ ਮੀਟਿੰਗ

ਅੰਮ੍ਰਿਤਸਰ , 5 ਫਰਵਰੀ 2025 : ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 14 ਫਰਵਰੀ ਤੋਂ 23 ਫਰਵਰੀ, 2025 ਤੱਕ ਖੇਤਰੀ ਸਾਰਸ ਮੇਲਾ ਦੁਸ਼ਹਿਰਾ ਗਰਾਉਂਡ ਰਣਜੀਤ ਐਵੀਨਿਊ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਭਰ ਤੋਂ ਕਾਰੀਗਰ ਆਪਣੀ ਦਸਤਕਾਰੀ ਹੁਨਰ ਦਾ ਪ੍ਰਦਰਸ਼ਨ ਕਰਨਗੇ ਅਤੇ 300 ਤੋਂ ਵੱਧ ਸਟਾਲ ਲਗਾਏ ਜਾਣਗੇ।  ਖੇਤਰੀ ਸਾਰਸ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਦੇ ਹੋਏ ਸ੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਨੇ ਦੱਸਿਆ ਕਿ ਇਸ ਮੇਲੇ ਵਿੱਚ ਦੇਸ਼ ਭਰ ਤੋਂ ਕਾਰੀਗਰ ਅਤੇ ਸੈਲਫ ਹੈਲਪ ਗਰੁੱਪ ਆਪਣੇ ਹੱਥਾਂ ਦੁਆਰਾ ਤਿਆਰ ਕੀਤੇ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਉਣਗੇ। ਉਨਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ ਵੱਖ ਰਾਜਾਂ ਦੇ ਲੋਕ ਆਪਣੇ ਖਾਣ ਪੀਣ ਦੇ ਸਟਾਲ ਵੀ ਲਗਾਉਣਗੇ, ਜਿਸਦਾ ਕਿ ਅੰਮ੍ਰਿਤਸਰ ਵਾਸੀ ਲੁਫ਼ਤ ਲੈ ਸਕਣਗੇ ।ਉਨਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਦੇਸ਼ ਭਰ ਦੇ ਛੋਟੇ ਕਾਰੀਗਰਾਂ ਨੂੰ ਆਪਣੀਆਂ ਵਸਤਾਂ ਵੇਚਣ ਲਈ ਉਤਸ਼ਾਹਿਤ ਕਰਨਾ ਹੈ ਅਤੇ ਉਨਾਂ ਦਾ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ 300 ਤੋਂ ਵੱਧ ਸਟਾਲ ਲਗਾਏ ਜਾਣਗੇ ਜਿਸ ਵਿਚੋਂ 200 ਸਟਾਲ ਦੂਜੇ ਰਾਜਾਂ ਦੇ ਕਾਰੀਗਰਾਂ ਨੂੰ ਅਤੇ 100 ਸਟਾਲ ਪੰਜਾਬ ਦੇ ਸੈਲਫ ਹੈਲਪ ਗਰੁੱਪਾਂ ਨੂੰ ਦਿੱਤੇ ਜਾਣਗੇ। ਇਸ ਮੀਟਿੰਗ ਵਿੱਚ ਸ੍ਰ ਜੈ ਇੰਦਰ ਸਿੰਘ ਜਾਇੰਟ ਕਮਿਸ਼ਨਰ ਨਗਰ ਨਿਗਮ , ਸ੍ਰੀ ਸੰਦੀਪ ਮਲਹੋਤਰਾ ਜਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਸ੍ਰੀ ਪਲਵ ਸ੍ਰੇਸ਼ਟਾ ਜਿਲ੍ਹਾ  ਸਮਾਜਿਕ ਨਿਆ ਅਧਿਕਾਰਤਾ ਅਫਸਰ, ਸ੍ਰੀ ਸੈਮਸਨ ਮਸੀਹ ਸਕੱਤਰ ਰੈਡ ਕਰਾਸ ਸੁਸਾਇਟੀ, ਸ੍ਰੀ ਪ੍ਰਭਬੀਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।