ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਆਪਣੇ ਬੂਥ ਲੈਵਲ ਏਜੰਟਾਂ ਦੀ ਸੂਚੀ ਮੁਹੱਈਆ ਕਰਵਾਉਣ – ਸਹਾਇਕ ਕਮਿਸ਼ਨਰ ਜਨਰਲ

ਅੰਮ੍ਰਿਤਸਰ 21 ਫਰਵਰੀ 2025 : ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਤਿਆਰੀ /ਸ਼ੁਧਾਈ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਵੋਟਰ ਸੂਚੀ ਵਿੱਚ ਹੋਰ ਸੁਧਾਰ ਲਿਆਉਣ ਲਈ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ 27 ਫਰਵਰੀ 2025 ਤੱਕ ਆਪਣੇ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਕਰਕੇ ਉਨਾਂ ਦੀ ਸੂਚੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਗੁਰਸਿਮਰਨਜੀਤ ਕੌਰ ਨੇ ਕਿਹਾ ਕਿ ਰਾਜਨੀਤਿਕ ਪਾਰਟੀ ਵਲੋਂ ਅਧਿਕਾਰਿਤ ਕੀਤੇ ਗਏ ਜਿਲ੍ਹਾ ਪ੍ਰਤੀਨਿਧੀ ਵਲੋਂ ਜਿਲ੍ਹੇ ਦੇ ਸਮੂਹ 11 ਵਿਧਾਨ ਸਭਾ ਚੋਣ ਹਲਕਿਆਂ ਦੇ ਹਰੇਕ ਪੋਲਿੰਗ ਸਟੇਸ਼ਨ ਲਈ ਬੂਥ ਲੈਵਲ ਏਜੰਟ ਦੀ ਨਿਯੁਕਤੀ ਕੀਤੀ ਜਾਣੀ ਹੈ। ਉਨਾਂ ਕਿਹਾ ਕਿ ਕੋਈ ਵੀ ਸਰਕਾਰੀ ਨੌਕਰੀ ਕਰਨ ਵਾਲਾ ਬੂਥ ਲੈਵਲ ਏਜੰਟ ਵਜੋਂ ਕੰਮ ਨਹੀਂ ਕਰ ਸਕਦਾ ਅਤੇ ਬੂਥ ਲੈਵਲ ਏਜੰਟ ਦਾ ਨਾਮ ਬਤੌਰ ਵੋਟਰ ਰਜਿਸਟਰਡ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਬੂਥ ਲੈਵਲ ਏਜੰਟ ਸਬੰਧਤ ਬੂਥ ਲੈਵਲ ਅਫਸਰਾਂ ਨਾਲ ਮਿਲ ਕੇ ਵੋਟਰ ਸੂਚੀ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਗੇ ਅਤੇ ਨਵੀਆਂ ਵੋਟਾਂ ਬਣਾਉਣ, ਕਟੌਤੀ, ਸੋਧ ਲਈ ਫਾਰਮ ਜਮ੍ਹਾ ਕਰਵਾਉਣ ਵਿੱਚ ਬਿਨੈਕਾਰਾਂ ਦੀ ਮਦਦ ਕਰਨਗੇ। ਉਨਾਂ ਕਿਹਾ ਕਿ ਹਰੇਕ ਬੂਥ ਲੈਵਲ ਏਜੰਟ ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ਵਿੱਚ ਵੋਟਾਂ ਦੀ ਜਾਂਚ ਕਰਕੇਗਾ ਤਾਂ ਜੋ ਮ੍ਰਿਤਕ ਜਾਂ ਸਿਫ਼ਟਿਡ ਵਿਅਕਤੀਆਂ ਦੀਆਂ ਪਹਿਚਾਣ ਕੀਤੀ ਜਾ ਸਕੇ। ਉਨਾਂ ਕਿਹਾ ਕਿ ਬੂਥ ਲੈਵਲ ਏਜੰਟ ਵੋਟਾਂ ਦੇ ਫਾਰਮ ਜਮ੍ਹਾਂ ਕਰਵਾਉਣ ਸਮੇਂ ਇਕ ਲਿਖਤੀ ਘੋਸ਼ਣਾ ਦੇਵੇਗਾ ਕਿ ਉਸਦੇ ਨੱਥੀ ਕੀਤੇ ਫਾਰਮਾਂ ਵਿੱਚ ਸ਼ਾਮਲ ਵੇਰਵਿਆਂ ਦੀ ਨਿੱਜੀ ਤੌਰ ਤੇ ਪੁਸ਼ਟੀ ਕੀਤੀ ਹੈ ਅਤੇ ਉਹ ਸੰਤੁਸ਼ਟ ਹੈ ਕਿ ਇਹ ਫਾਰਮ ਸਹੀ ਹਨ।   ਸਹਾਇਕ ਕਮਿਸ਼ਨਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਚੋਣ ਕਮਿਸ਼ਨ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਕਰਨ ਅਤੇ ਉਨਾਂ ਦੀ ਸੂਚਨਾ ਹਰ ਹਾਲਤ ਵਿੱਚ 27 ਫਰਵਰੀ ਤੱਕ ਪੁੱਜਦਾ ਕੀਤੀ ਜਾਵੇ। ਇਸ ਮੀਟਿੰਗ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਰੂਰਲ ਵਲੋਂ ਸਕੱਤਰ ਹਰਗੁਰਿੰਦਰ ਸਿੰਘ ਗਿੱਲ, ਆਮ ਆਦਮੀ ਪਾਰਟੀ ਸ਼ਹਿਰੀ ਵਲੋਂ ਸਰਬਜੀਤ ਸਿੰਘ ਅਤੇ ਦਿਹਾਤੀ ਵਲੋਂ ਮੁਖਵਿੰਦਰ ਸਿੰਘ ਵਿਰਦੀ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।